ਪੰਜਾਬ ਵਿੱਚ ਟਲੀ ਵੱਡੀ ਵਾਰਦਾਤ, ਅੱਤ.ਵਾਦੀ ਗਰੁੱਪ ਦੇ 10 ਮੈਂਬਰ ਕਾਬੂ

 ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਗਈ ਕਾਰਵਾਈ ਦੌਰਾਨ ਕਮਿਸ਼ਨਰੇਟ ਪੁਲਿਸ (ਸੀ.ਪੀ.) ਅੰਮ੍ਰਿਤਸਰ ਨੇ ਪਾਕਿਸਤਾਨ ਆਧਾਰਿਤ ਹਰਵਿੰਦਰ ਰਿੰਦਾ ਅਤੇ ਵਿਦੇਸ਼ ਆਧਾਰਿਤ ਹੈਪੀ ਪਾਸਿਅਣ, ਜੀਵਨ ਫੌਜੀ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਲਾਲ ਦੁਆਰਾ ਸੰਚਾਲਿਤ ਸਰਹੱਦ ਪਾਰ ਅੱਤਵਾਦੀ ਮਾਡਿਊਲ ਦੇ 4 ਮੁੱਖ ਸੰਚਾਲਕਾਂ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬਟਾਲਾ ਖੇਤਰ ਵਿੱਚ ਪੁਲਿਸ ਵਿਭਾਗ ‘ਤੇ ਸੰਭਾਵਿਤ ਗ੍ਰਨੇਡ ਹਮਲੇ ਨੂੰ ਟਾਲਣ ਵਿਚ ਸਫਲਤਾ ਹਾਸਿਲ ਹੋਈ।

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 4 ਮੁੱਖ ਅਪਰਾਧੀਆਂ ਦੀ ਪਛਾਣ ਅਰਜੁਨਪ੍ਰੀਤ ਸਿੰਘ ਵਾਸੀ ਅਵਾਨ ਰਾਮਦਾਸ, ਅੰਮ੍ਰਿਤਸਰ; ਲਵਪ੍ਰੀਤ ਸਿੰਘ ਉਰਫ ਲਵ ਵਾਸੀ ਪੇਰੇਵਾਲ, ਅੰਮ੍ਰਿਤਸਰ; ਬਸੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ਼ ਅਮਨ ਦੋਵੇਂ ਵਾਸੀ ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਲੌਜਿਸਟਿਕਸ ਸਪੋਰਟ ਦੇਣ ਵਾਲੇ 6 ਹੈਂਡਲਰਾਂ ਦੀ ਵੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਵਿੱਚ ਬਰਿੰਦਰਪਾਲ ਸਿੰਘ ਉਰਫ ਮਨੀ ਅਤੇ ਰਾਜਬੀਰ ਸਿੰਘ ਉਰਫ ਰਾਜੂ ਦੋਵੇਂ ਵਾਸੀ ਕਤੇਲ, ਅੰਮ੍ਰਿਤਸਰ; ਵਿਸ਼ਵਾਸ ਮਸੀਹ ਉਰਫ ਭੰਬੋ ਵਾਸੀ ਭਾਗਨਪੁਰਾ, ਅੰਮ੍ਰਿਤਸਰ; ਦਿਲਪ੍ਰੀਤ ਸਿੰਘ ਉਰਫ ਮੰਨਾ, ਹਰਜੋਤ ਕੁਮਾਰ ਉਰਫ ਮੀਟੂ ਅਤੇ ਜੋਇਲ ਮਸੀਹ ਉਰਫ ਰੋਹਨ ਉਰਫ ਨੋਨੀ, ਤਿੰਨੋਂ ਵਾਸੀ ਡੇਰਾ ਬਾਬਾ ਨਾਨਕ, ਬਟਾਲਾ ਸ਼ਾਮਿਲ ਹੈ।

ਇਸ ਮਾਮਲੇ ਸਬੰਧੀ ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ .30 ਬੋਰ ਅਤੇ ਇੱਕ .32 ਬੋਰ ਦੇ ਪਿਸਤੌਲ, ਇੱਕ ਹੈਂਡ ਗ੍ਰਨੇਡ ਅਤੇ ਇੱਕ ਡਰੋਨ ਵੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਪਿੱਛੇ ਹੋਰ ਸਬੰਧਾਂ ਦਾ ਪਤਾ ਲੱਗ ਸਕੇ। ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਾਡਿਊਲ ਦੀਆਂ ਗਤੀਵਿਧੀਆਂ ਬਾਰੇ ਮਿਲੀ ਭਰੋਸੇਯੋਗ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਅੰਮ੍ਰਿਤਸਰ ਕਮਿਸ਼ਨਰੇਟ ਨੇ ਅੰਮ੍ਰਿਤਸਰ ਦਿਹਾਤੀ, ਬਟਾਲਾ ਅਤੇ ਅੰਮ੍ਰਿਤਸਰ ਸ਼ਹਿਰ ਦੇ ਰਮਦਾਸ ਖੇਤਰ ਸਮੇਤ ਵੱਖ-ਵੱਖ ਖੇਤਰਾਂ ਤੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

Advertisement