ਕਿਸਾਨਾਂ ਨੇ13 ਦਸੰਬਰ ਵਿੱਚ ਵੱਡੇ ਇੱਕਠ ਦਾ ਕੀਤਾ ਐਲਾਨ

ਪੰਜਾਬ ਦੇ ਕਿਸਾਨ 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਮਾਰਚ ਕਰਨਗੇ। ਇਹ ਫੈਸਲਾ ਮੰਗਲਵਾਰ ਨੂੰ ਸ਼ੰਭੂ ਸਰਹੱਦ ‘ਤੇ ਹੋਈ ਬੈਠਕ ‘ਚ ਲਿਆ ਗਿਆ। ਇਸ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨ ਆਗੂ ਤੇਜਵੀਰ ਸਿੰਘ ਨੇ ਦੱਸਿਆ ਕਿ ਇਸ ਅੰਦੋਲਨ ਨੂੰ 13 ਦਸੰਬਰ ਨੂੰ 10 ਮਹੀਨੇ ਪੂਰੇ ਹੋ ਰਹੇ ਹਨ। ਅਜਿਹੇ ‘ਚ 13 ਤਾਰੀਕ ਨੂੰ ਵੱਡਾ ਇਕੱਠ ਹੋਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ  ਜਿਸ ਤਰ੍ਹਾਂ ਹਰਿਆਣਾ ਵਿੱਚ ਇੰਟਰਨੈੱਟ ਸੇਵਾ ਬੰਦ ਹੈ, ਉਸੇ ਤਰ੍ਹਾਂ ਹੀ ਸਾਨੂੰ ਪਤਾ ਲੱਗਾ ਹੈ ਕਿ ਪੰਜਾਬ ਦੇ ਖੇਤਰ ਵਿੱਚ ਵੀ ਸਰਹੱਦ ਤੋਂ ਡੇਢ ਕਿਲੋਮੀਟਰ ਤੱਕ ਇੰਟਰਨੈੱਟ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਸੱਦਾ ਨਹੀਂ ਆਇਆ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕਿਸਾਨਾਂ ਨੇ ਸ਼ੰਭੂ ਸਰਹੱਦ ‘ਤੇ ਸਫਾਈ ਮੁਹਿੰਮ ਚਲਾਈ। ਸਰਵਨ ਪੰਧੇਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਦਾਗੇ ਗਏ ਅੱਥਰੂ ਗੈਸ ਦੇ ਗੋਲੇ ਅਜੇ ਵੀ ਆਪਣਾ ਅਸਰ ਦਿਖਾ ਰਹੇ ਹਨ। ਕਿਸਾਨਾਂ ਨੇ ਸਰਹੱਦ ‘ਤੇ ਫੈਲੀ ਗੰਦਗੀ ਨੂੰ ਸਾਫ਼ ਕੀਤਾ। ਡੱਲੇਵਾਲ ਦੀ ਸਿਹਤਯਾਬੀ ਲਈ ਕਿਸਾਨ 11 ਦਸੰਬਰ ਨੂੰ ਸਾਰੇ ਪਿੰਡਾਂ ‘ਚ ਧਾਰਮਿਕ ਸਥਾਨਾਂ ‘ਤੇ ਅਰਦਾਸ ਕਰਨਗੇ। ਇਸ ਲਈ ਰਣਨੀਤੀ ਬਣਾਈ ਗਈ ਹੈ। ਕਿਸਾਨਾਂ ਨੇ ਮੰਚ ਤੋਂ ਮੰਗ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਮੋਰਚੇ ਵਿੱਚ ਪੁੱਜਣ, ਤਾਂ ਜੋ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕੇ।

ਦਸ ਦੇਈਏ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਢਾਬੀ ਗੁਜਰਾਂ/ਖਨੌਰੀ ਬਾਰਡਰ ’ਤੇ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਜੱਦੀ ਪਿੰਡ ਡੱਲੇਵਾਲ ਵਿੱਚ ਵੀ ਅੱਜ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਸੰਘਰਸ਼ ਦਾ ਸਾਥ ਦਿੱਤਾ ਪਿੰਡ ਦੇ ਕਿਸੇ ਵੀ ਪਰਿਵਾਰ ਨੇ ਚੁੱਲ੍ਹਾ ਨਹੀਂ ਬਾਲ਼ਿਆ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ’ਤੇ ਬੈਠਣ ਦਾ  ਫ਼ੈਸਲਾ ਕੀਤਾ ਹੈ। ਇਸ ਭੁੱਖ ਹੜਤਾਲ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਲੜਕਾ ਗੁਰਪਿੰਦਰ ਸਿੰਘ, ਨੂੰਹ ਹਰਪ੍ਰੀਤ ਕੌਰ ਅਤੇ ਪੋਤਰਾ ਜਿਗਰਜੋਤ ਵੀ ਸ਼ਾਮਿਲ ਹਨ। ਭੁੱਖ ਹੜਤਾਲ ਵਿੱਚ ਪਿੰਡ ਦੇ ਵਸਨੀਕ ਵਧ ਚੜ੍ਹ ਕੇ ਸ਼ਾਮਿਲ ਹੋਏ।

Advertisement