ਜਿਨਸੀ ਸ਼ੋਸ਼ਣ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਇਕ ਵਾਰ ਫਿਰ 17 ਦਿਨਾਂ ਦੀ ਪੈਰੋਲ ਮਿਲ ਗਈ ਹੈ। ਅਦਾਲਤ ਨੇ ਆਸਾਰਾਮ ਨੂੰ 15 ਦਿਨ ਦਾ ਇਲਾਜ ਅਤੇ 2 ਦਿਨ ਦੀ ਯਾਤਰਾ ਕਰਨ ਦੀ ਆਜ਼ਾਦੀ ਦਿੱਤੀ ਹੈ। ਇਸ ਦੌਰਾਨ ਉਹ ਆਪਣੇ ਇਲਾਜ ਲਈ ਮਹਾਰਾਸ਼ਟਰ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਆਪਣੀ ਸਜ਼ਾ ਕੱਟ ਰਹੇ ਆਸਾਰਾਮ ਮਹਾਰਾਸ਼ਟਰ ਦੇ ਮਾਧਵਬਾਗ ਹਸਪਤਾਲ ‘ਚ ਇਲਾਜ ਲਈ ਜਾ ਸਕਦੇ ਹਨ। ਫਿਲਹਾਲ ਉਹ ਜੋਧਪੁਰ ਦੇ ਅਰੋਗਿਆ ਹਸਪਤਾਲ ‘ਚ ਜ਼ੇਰੇ ਇਲਾਜ ਹੈ।
ਦਸ ਦੇਈਏ ਕਿ ਆਸਾਰਾਮ ਇਸ ਸਮੇਂ ਜੋਧਪੁਰ ਦੇ ਇੱਕ ਨਿੱਜੀ ਆਯੁਰਵੈਦਿਕ ਹਸਪਤਾਲ ਵਿੱਚ ਇਲਾਜ ਅਧੀਨ ਹਨ। ਉਹ ਬੀਤੀ 10 ਨਵੰਬਰ ਤੋਂ 30 ਦਿਨਾਂ ਲਈ ਪੈਰੋਲ ‘ਤੇ ਬਾਹਰ ਸੀ। ਉਸ ਨੇ ਇਲਾਜ ਲਈ ਅਦਾਲਤ ਤੋਂ ਪੈਰੋਲ ਦੀ ਮੰਗ ਕੀਤੀ ਸੀ। ਇਸ ਪੈਰੋਲ ਦੀ ਮਿਆਦ ਮੰਗਲਵਾਰ ਨੂੰ ਖਤਮ ਹੋ ਰਹੀ ਸੀ।
ਪੈਰੋਲ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਆਸਾਰਾਮ ਨੇ ਪੁਣੇ ਦੇ ਮਾਧੋ ਬਾਗ ਹਸਪਤਾਲ ‘ਚ ਇਲਾਜ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਸੀ। ਇਸ ਮਾਮਲੇ ‘ਤੇ ਜਸਟਿਸ ਦਿਨੇਸ਼ ਮਹਿਤਾ ਅਤੇ ਵਿਨੀਤ ਮਾਥੁਰ ਦੀ ਬੈਂਚ ਨੇ ਆਸਾਰਾਮ ਨੂੰ ਮਾਧੋ ਬਾਗ ਹਸਪਤਾਲ ‘ਚ ਇਲਾਜ ਲਈ 15 ਦਸੰਬਰ ਤੋਂ 17 ਦਿਨਾਂ ਦੀ ਪੈਰੋਲ ਦਿੱਤੀ ਹੈ।