ਖਨੌਰੀ ਸਰਹੱਦ ‘ਤੇ ਕਿਸਾਨ ਲੀਡਰ ਜਗਜੀਤ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 28 ਦਿਨ ਹੋ ਗਏ ਹਨ। ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਹੋ ਗਈ ਹੈ ਪਰ ਉਨ੍ਹਾਂ ਦਾ ਮਨੋਬਲ ਅਜੇ ਵੀ ਕਾਫੀ ਉੱਚਾ ਹੈ। ਡੱਲੇਵਾਲ ਦੀ ਇਮਿਊਨਿਟੀ ਵੀ ਕਾਫੀ ਕਮਜ਼ੋਰ ਹੋ ਗਈ ਹੈ। ਉਨ੍ਹਾਂ ਨੂੰ ਇਨਫੈਕਸ਼ਨ ਦਾ ਖ਼ਤਰਾ ਵੀ ਵਧ ਗਿਆ ਹੈ। ਇਸ ਕਾਰ ਹੀ ਉਹ ਐਤਵਾਰ ਨੂੰ ਪੂਰਾ ਦਿਨ ਧਰਨੇ ਵਾਲੀ ਸਟੇਜ ‘ਤੇ ਵੀ ਨਹੀਂ ਆਏ।
ਉਧਰ, ਡੱਲੇਵਾਲ ਦੇ ਡਾਕਟਰ ਸਵੈਮਨ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਜੇਕਰ ਕਿਸੇ ਵਿਅਕਤੀ ਨੇ 28 ਦਿਨਾਂ ਤੋਂ ਕੁਝ ਨਹੀਂ ਖਾਧਾ ਤਾਂ ਉਸ ਦੀ ਹਾਲਤ ਆਮ ਨਹੀਂ ਹੋ ਸਕਦੀ। ਇਸ ਸਭ ਦੇ ਬਾਵਜੂਦ ਸੁਪਰੀਮ ਕੋਰਟ ਨੂੰ ਦਿੱਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡੱਲੇਵਾਲ ਦੀ ਸਿਹਤ ਨਾਰਮਲ ਹੈ। ਡੱਲੇਵਾਲ ਦੀ ਜ਼ਿੰਦਗੀ ਨਾਲ ਸਿਆਸਤ ਖੇਡੀ ਜਾ ਰਹੀ ਹੈ। ਡਾਕਟਰ ਸਵੈਮਨ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪੱਤਰਕਾਰਾਂ ਦੇ ਫੋਨ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਰਿਪੋਰਟ ਸਾਧਾਰਨ ਸੀ। ਡੱਲੇਵਾਲ ਦੀ ਸਿਹਤ ਸਬੰਧੀ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਰਿਪੋਰਟ ਗਲਤ ਹੈ ਤੇ ਤੁਰੰਤ ਕਾਰਵਾਈ ਦੀ ਲੋੜ ਹੈ।
ਦੱਸ ਦਈਏ ਕਿ ਡੱਲੇਵਾਲ ਦੇ ਮਰਨ ਵਰਤ ਮਗਰੋਂ ਹਰਿਆਣਾ-ਪੰਜਾਬ ਦੀ ਖਨੌਰੀ ਬਾਰਡਰ ਕਿਸਾਨ ਅੰਦੋਲਨ ਦਾ ਨਵਾਂ ਕੇਂਦਰ ਬਣ ਗਿਆ ਹੈ। ਕਿਸਾਨਾਂ ਨੇ ਇੱਥੇ ਪੱਕੇ ਸ਼ੈੱਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਠੰਢ ਤੋਂ ਬਚਾਅ ਲਈ ਲੱਕੜਾਂ ਵੀ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕੰਬਲ ਤੇ ਹੋਰ ਗਰਮ ਕੱਪੜੇ ਵੀ ਕਿਸਾਨਾਂ ਕੋਲ ਪਹੁੰਚ ਗਏ ਹਨ। ਇੱਥੇ ਵਾਈਫਾਈ ਕਨੈਕਸ਼ਨ ਵੀ ਲਾਏ ਜਾ ਰਹੇ ਹਨ।