ਖਨੌਰੀ ਬਾਰਡਰ ‘ਤੇ 4 ਜਨਵਰੀ ਨੂੰ ਸੱਦੀ ਕਿਸਾਨ ਮਹਾਂਪੰਚਾਇਤ

ਖਨੌਰੀ ਬਾਰਡਰ ਤੇ ਕਿਸਾਨੀ ਮੋਰਚੇ ਨੂੰ ਹੋਰ ਮਜਬੂਤੀ ਦਿੰਦਿਆਂ 4 ਜਨਵਰੀ ਨੂੰ ਕਿਸਾਨ ਮਹਾਂ ਪੰਚਾਇਤ ਸੱਦਣ ਦਾ ਫੈਸਲਾ ਕੀਤਾ ਗਿਆ ਹੈ। ਇਸਤੋ ਇਲਾਵਾ 30 ਦਸੰਬਰ ਨੂੰ ਪੰਜਾਬ ਬੰਦ ਦੀਆਂ ਤਿਆਰੀਆਂ ਕਿਸਾਨਾਂ ਵਲੋ ਜ਼ੋਰਾਂ ਤੇ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ, ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਮੈਡੀਕਲ ਟੀਮਾਂ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹਨ।

ਇਸ ਸਬੰਧੀ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਸੁਰਜੀਤ ਸਿੰਘ ਫੂਲ ਅਤੇ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਇੱਛਾ ਦੇ ਅਨੁਸਾਰ ਅਸੀਂ 4 ਜਨਵਰੀ ਨੂੰ ਸਮੁੱਚੇ ਦੇਸ਼ ਵਿੱਚੋਂ ਕਿਸਾਨ ਮਹਾਂ ਪੰਚਾਇਤ ਬੁਲਾਉਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ 4 ਜਨਵਰੀ ਨੂੰ ਖਨੌਰੀ ਵਿਖੇ ਸਮੁੱਚੇ ਦੇਸ਼ ਵਿੱਚੋਂ ਲੱਖਾਂ ਕਿਸਾਨ ਅੰਦੋਲਨ ਵਿੱਚ ਸ਼ਿਰਕਤ ਕਰਨਗੇ ਅਤੇ ਡੱਲੇਵਾਲ ਖੁਦ ਇਸ ਪੰਚਾਇਤ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ 30 ਦਸੰਬਰ ਨੂੰ ਪੂਰੇ ਪੰਜਾਬ ਵਿੱਚ ਮੁਕੰਮਲ ਚੱਕਾ ਜਾਮ ਹੋਵੇਗਾ। ਇਸ ਸਬੰਧੀ ਵੱਡੀ ਗਿਣਤੀ ਜਥੇਬੰਦੀਆਂ ਨੇ ਉਨ੍ਹਾਂ ਨੂੰ ਪੂਰਨ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਦੇ ਮਰਨ ਵਰਤ ਤੇ ਬੈਠਿਆਂ 33 ਦਿਨ ਹੋ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਲਾਕਾਰਾਂ ਤੇ ਐਨ.ਆਰ.ਆਈਜ਼ ਤੇ ਅੰਦੋਲਨ ਵਿੱਚ ਸ਼ਾਮਿਲ ਨਾ ਹੋਣ ਤੇ ਵੀ ਦਬਾਅ ਬਣਾ ਰਹੀ ਹੈ। ਜੇਕਰ ਕਿਸੇ ਵੀ ਐਨਆਰਆਈ ਜਾਂ ਕਲਾਕਾਰ ਨਾਲ ਕੇਂਦਰ ਸਰਕਾਰ ਵੱਲੋਂ ਧੱਕਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀ ਉਨਾਂ ਦੇ ਨਾਲ ਡਟ ਕੇ ਖੜੇਗੀ।

Advertisement