ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ ਅੱਜ ਸਵੇਰ ਤੋਂ ਹੀ ਸੂਬੇ ਦੇ ਕੁਝ ਇਲਾਕਿਆਂ ‘ਚ ਬੱਦਲ ਛਾਏ ਹੋਏ ਹਨ, ਸਵੇਰ ਤੋਂ ਹੀ ਕਈ ਇਲਾਕਿਆਂ ‘ਚ ਬਾਰਿਸ਼ ਹੋ ਰਹੀ ਹੈ ਅਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਮੌਸਮ ਵੀ ਠੰਢਾ ਹੋ ਗਿਆ ਹੈ। 17 ਫਰਵਰੀ ਤੋਂ ਇੱਕ ਨਵੀਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ। ਇਸ ਦਾ ਅਸਰ ਹਿਮਾਚਲ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲੇਗਾ। ਪਰ 19 ਫਰਵਰੀ ਤੋਂ ਇਸ ਦਾ ਅਸਰ ਪੰਜਾਬ ਵਿੱਚ ਵੀ ਪੈਣ ਦੀ ਸੰਭਾਵਨਾ ਹੈ। 19-20 ਫਰਵਰੀ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਜੇਕਰ 19-20 ਫਰਵਰੀ ਦੀ ਭਵਿੱਖਬਾਣੀ ਮੁਤਾਬਕ ਮੀਂਹ ਪੈਂਦਾ ਹੈ ਤਾਂ ਸੋਕੇ ਨਾਲ ਜੂਝ ਰਹੇ ਪੰਜਾਬ ਨੂੰ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 1 ਜਨਵਰੀ 2025 ਤੋਂ ਲੈ ਕੇ ਕੱਲ੍ਹ ਤੱਕ ਪੰਜਾਬ ਵਿੱਚ 73 ਫੀਸਦੀ ਘੱਟ ਮੀਂਹ ਪਿਆ ਹੈ। ਪੰਜਾਬ ‘ਚ ਡੇਢ ਮਹੀਨੇ ‘ਚ 33 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਸੂਬੇ ‘ਚ ਹੁਣ ਤੱਕ ਸਿਰਫ 8.8 ਮਿਲੀਮੀਟਰ ਬਾਰਿਸ਼ ਹੀ ਹੋਈ ਹੈ।
ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ‘ਚ ਠੰਢ ਮੁੜ ਵਾਪਸ ਪਰਤ ਸਕਦੀ ਹੈ। ਇਸ ਤੋਂ ਇਲਾਵਾ ਧੁੰਦ ਦੇ ਹਾਲਾਤ ਵੀ ਬਣ ਸਕਦੇ ਹਨ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਵੇਗੀ। ਇਸ ਦੇ ਨਾਲ ਹੀ ਮੀਂਹ ਅਤੇ ਗੜੇਮਾਰੀ ਵੀ ਫਸਲਾਂ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਹਰਿਆਣਾ ‘ਚ ਮੌਸਮ ਸਾਫ ਰਹੇਗਾ ਪਰ ਐਤਵਾਰ ਨੂੰ ਬੱਦਲ ਛਾਏ ਰਹਿਣ ਦੇ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਅਗਲੇ ਕੁਝ ਦਿਨਾਂ ਵਿੱਚ ਉੱਤਰ-ਪੱਛਮੀ ਹਵਾਵਾਂ ਕਾਰਨ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ। ਦਸ ਦੇਈਏ ਕਿ ਪੰਜਾਬ ਵਿੱਚ ਮੌਸਮ ਆਮ ਨਾਲੋਂ ਜ਼ਿਆਦਾ ਗਰਮ ਹੋ ਗਿਆ ਸੀ ਹੈ। ਲਗਾਤਾਰ ਨਿਕਲ ਰਹੀ ਤਿੱਖੀ ਧੁੱਪ ਨਾਲ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.8 ਡਿਗਰੀ ਵੱਧ ਦਰਜ ਕੀਤਾ ਗਿਆ ਸੀ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ‘ਚ 1.2 ਡਿਗਰੀ ਦਾ ਵਾਧਾ ਹੋਇਆ ਹੈ।