ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੂੰ ਚੁਣਿਆ ਹੈ। ਅੱਜ ਰਾਮ ਲੀਲਾ ਮੈਦਾਨ ਵਿਚ ਉਹ ਸੀਐੱਮ ਦੀ ਸਹੁੰ ਚੁੱਕਣਗੇ। ਨਾਲ ਹੀ ਰੇਖਾ ਗੁਪਤਾ ਦੀ ਕੈਬਨਿਟ ਵਿਚ 6 ਮੰਤਰੀ ਵੀ ਹੋਣਗੇ। ਇਨ੍ਹਾਂ ਦੀ ਲਿਸਟ ਵੀ ਸਾਹਮਣੇ ਆਈ ਹੈ। ਭਾਜਪਾ ਨੇ ਦਿੱਲੀ ਦੀ ਕੈਬਨਿਟ ਵਿਚ ਪਰਵੇਸ਼ ਵਰਮਾ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਰਾਜ, ਕਪਿਲ ਮਿਸ਼ਰਾ ਸਣੇ 6 ਲੋਕਾਂ ਦੇ ਨਾਂ ਹਨ।
ਮੁੱਖ ਮੰਤਰੀ ਦੀ ਚੋਣ ਦੇ ਬਾਅਦ ਦਿੱਲੀ ਦੀ ਕੈਬਨਿਟ ਵੀ ਸਾਹਮਣੇ ਆ ਗਈ ਹੈ। ਨਵੇਂ ਮੰਤਰੀ ਮੰਡਲ ਵਿਚ ਪ੍ਰਵੇਸ਼ ਵਰਮਾ (ਜੱਟ), ਮਨਜਿੰਦਰ ਸਿਰਸਾ (ਸਿੱਖ), ਆਸ਼ੀਸ਼ ਸੂਦ (ਪੰਜਾਬੀ) ਤੇ ਰਵਿੰਦਰ ਇੰਦਰਰਾਜ (ਦਲਿਤ) ਸ਼ਾਮਲ ਹੋਣਗੇ। ਭਾਜਪਾ ਦੀ ਵਿਧਾਇਕ ਦਲ ਦੀ ਬੈਠਕ ਬੀਤੇ ਦਿਨੀਂ ਦਿੱਲੀ ਦਫਤਰ ਵਿਚ ਹੋਈ। ਇਸ ਵਿਚ ਰੇਖਾ ਗੁਪਤਾ ਨੂੰ ਸਰਬਸੰਮਤੀ ਨਾਲ ਨੇਤਾ ਚੁਣਿਆ ਗਿਆ। ਪ੍ਰਵੇਸ਼ ਵਰਮਾ, ਵੀਜੇਂਦਰ ਗੁਪਤਾ ਤੇ ਸਤੀਸ਼ ਉਪਾਧਿਆਏ ਨੇ ਉਨ੍ਹਾਂ ਦਾ ਨਾਂ ਪ੍ਰਸਤਾਵਿਤ ਕੀਤਾ। ਆਸ਼ੀਸ਼ ਸੂਦ ਸਣੇ 9 ਵਿਧਾਇਕਾਂ ਨੇ ਸਮਰਥਨ ਕੀਤਾ। ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਸੁਸ਼ਮਾ ਸਵਰਾਜ, ਸ਼ੀਲਾ ਦੀਕਸ਼ਤ ਤੇ ਆਤਿਸ਼ੀ ਮੁੱਖ ਮੰਤਰੀ ਰਹਿ ਚੁੱਕੇ ਹਨ। ਭਾਜਪਾ ਤੋਂ ਉਹ ਦੂਜੀ ਮਹਿਲਾ ਮੁੱਖ ਮੰਤਰੀ ਹੋਣਗੇ।

ਰੇਖਾ ਗੁਪਤਾ ਪਹਿਲੀ ਵਾਰ ਵਿਧਾਇਕ ਬਣੇ ਹਨ। ਇਸ ਤੋਂ ਪਹਿਲਾਂ ਉਹ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣਾ ਸਿਆਸੀ ਸਫਰ ABVP ਤੋਂ ਸ਼ੁਰੂ ਕੀਤਾ ਸੀ। ਉਹ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਸਹੁੰ ਚੁੱਕ ਸਮਾਗਮ ਵਿਚ PM ਮੋਦੀ ਸਣੇ ਕਈ ਸੂਬਿਆਂ ਦੇ CM ਸ਼ਾਮਲ ਹੋਣਗੇ । ਇਸ ਵਿਚ ਪੀਐੱਮ ਮੋਦੀ, ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ ਤੇ NDA ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਭਾਜਪਾ ਦੇ ਸਹਿਯੋਗੀ ਦਲ ਤੇ ਵਿਸ਼ੇਸ਼ ਮਹਿਮਾਨ ਵੀ ਮੌਜੂਦ ਰਹਿਣਗੇ।