AAP ਵਿਧਾਇਕ ਅਮਾਨੁਤੱਲਾ ਖਾਨ ਨੂੰ ED ਨੇ ਕੀਤਾ ਗ੍ਰਿਫਤਾਰ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ED ਦੀ ਟੀਮ ਨੇ ਅੱਜ ਗ੍ਰਿਫਤਾਰ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਈਡੀ ਦੀ ਟੀਮ ਉਨ੍ਹਾਂ ਦੇ ਘਰ ਆਈ ਹੈ। ਦਿੱਲੀ ਪੁਲਿਸ ਦੀ ਟੀਮ ਤੇ ਨੀਮ ਫ਼ੌਜੀ ਬਲ ਦੇ ਜਵਾਨ ਵੀ ਘਰ ਦੇ ਬਾਹਰ ਮੌਜੂਦ ਹਨ।

ਅਮਾਨਤੁੱਲਾ ਖਾਨ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਐਕਸ ਹੈਂਡਲ ‘ਤੇ ਵੀਡੀਓ ਸ਼ੇਅਰ ਕਰ ਕੇ ਕਿਹਾ ਕਿ ਸਵੇਰੇ-ਸਵੇਰੇ ਤਾਨਾਸ਼ਾਹ ਦੇ ਇਸ਼ਾਰੇ ‘ਤੇ ਕਠਪੁਤਲੀ ਈਡੀ ਮੇਰੇ ਘਰ ਪਹੁੰਚੀ ਹੈ। ਮੈਨੂੰ ਤੇ ‘ਆਪ’ ਲੀਡਰਾਂ ਨੂੰ ਪਰੇਸ਼ਾਨ ਕਰਨ ਵਿਚ ਤਾਨਾਸ਼ਾਹ ਕੋਈ ਕਸਰ ਨਹੀਂ ਛੱਡ ਰਿਹਾ। ਉਨ੍ਹਾਂ ਕਿਹਾ ਕਿ ਈਡੀ ਦਾ ਉਦੇਸ਼ ਸਰਚ ਵਾਰੰਟ ਦੇ ਨਾਂ ‘ਤੇ ਮੈਨੂੰ ਗ੍ਰਿਫਤਾਰ ਕਰਨਾ ਹੈ। ਮੈਂ ਹਰ ਨੋਟਿਸ ਦਾ ਜਵਾਬ ਦਿੱਤਾ ਹੈ। 2016 ਤੋਂ ਚੱਲ ਰਿਹਾ ਕੇਸ ਫਰਜ਼ੀ ਹੈ। ਸੀਬੀਆਈ ਨੇ ਖ਼ੁਦ ਕਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋਇਆ ਹੈ। ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦਿੱਲੀ ਵਕਫ਼ ਬੋਰਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੇ ਘੇਰੇ ‘ਚ ਹਨ। ਉਨ੍ਹਾਂ ‘ਤੇ ਬੋਰਡ ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।

ਇਸ ਸਬੰਧੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਈਡੀ ਦਾ ਬਸ ਇਹੀ ਕੰਮ ਰਹਿ ਗਿਆ ਹੈ। ਭਾਜਪਾ ਵਿਰੁੱਧ ਉੱਠੀ ਹਰ ਆਵਾਜ਼ ਨੂੰ ਦਬਾ ਦਿਉ। ਜਿਹੜੇ ਟੁੱਟੇ ਨਹੀਂ, ਉਨ੍ਹਾਂ ਨੂੰ ਗਿਰਫ਼ਤਾਰ ਕਰ ਕੇ ਜੇਲ੍ਹਾਂ ‘ਚ ਡੱਕ ਦਿਉ।

ਸੰਜੇ ਸਿੰਘ ਨੇ ਕਿਹਾ ਈਡੀ ਦੀ ਬੇਰਹਿਮੀ ਦੇਖੋ। ਅਮਾਨਤੁੱਲਾ ਪਹਿਲਾਂ ਜਾਂਚ ਵਿਚ ਸ਼ਾਮਲ ਹੋਏ ਤੇ ਹੋਰ ਸਮਾਂ ਮੰਗਿਆ। ਉਨ੍ਹਾਂ ਦੀ ਸੱਸ ਦਾ ਆਪਰੇਸ਼ਨ ਹੋਇਆ ਹੈ। ਸਵੇਰੇ-ਸਵੇਰੇ ਘਰ ਪਹੁੰਚ ਗਏ। ਅਮਾਨਤੁੱਲਾ ਖਾਨ ਖਿਲਾਫ਼ ਕੋਈ ਸਬੂਤ ਨਹੀਂ ਹੈ ਪਰ ਪ੍ਰਧਾਨ ਮੰਤਰੀ ਮੋਦੀ ਦੀ ਤਾਨਾਸ਼ਾਹੀ ਤੇ ਈਡੀ ਦੀ ਗੁੰਡਾਗਰਦੀ ਜਾਰੀ ਹੈ।

Advertisement