ਏਅਰ ਇੰਡੀਆ ਐਕਸਪ੍ਰੈਸ ਨੇ ਬਿਨਾਂ ਕਿਸੇ ਨੋਟਿਸ ਤੋਂ ‘ਬਿਮਾਰੀ’ ਦਾ ਹਵਾਲਾ ਦਿੰਦਿਆਂ ਹੋਏ ਛੁੱਟੀ ‘ਤੇ ਗਏ ਕਰਮਚਾਰੀਆਂ ਨੂੰ ਸਮੂਹਿਕ ਤੌਰ ‘ਤੇ ਨੌਕਰੀ ਤੋਂ ਕੱਢ ਦਿੱਤਾ ਹੈ। ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੇ 100 ਤੋਂ ਵੱਧ ਕੈਬਿਨ ਕਰੂ ਮੈਂਬਰਾਂ ਨੇ ਅਚਾਨਕ ‘ਸਿੱਕ ਲੀਵ’ ਦੇ ਕੇ ਛੁੱਟੀ ਲੈ ਲਈ, ਜਿਸ ਕਾਰਨ ਏਅਰਲਾਈਨ ਨੂੰ ਮੰਗਲਵਾਰ ਰਾਤ ਤੋਂ ਆਪਣੀਆਂ 90 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ। ਇਸ ਕਾਰਨ ਹਜ਼ਾਰਾਂ ਯਾਤਰੀ ਪ੍ਰੇਸ਼ਾਨ ਹਨ।
ਦਰਅਸਲ, ਏਅਰ ਇੰਡੀਆ ਐਕਸਪ੍ਰੈਸ ਦੀ ਹਿਊਮਨ ਰਿਸੋਰਸ (ਐਚਆਰ) ਪਾਲਿਸੀ ਵਿੱਚ ਹੋਏ ਬਦਲਾਅ ਦੇ ਵਿਰੋਧ ਵਿੱਚ ਸੀਨੀਅਰ ਕੈਬਿਨ ਕਰੂ ਮੈਂਬਰਾਂ ਦਾ ਇੱਕ ਸਮੂਹ ਛੁੱਟੀ ‘ਤੇ ਗਿਆ ਸੀ। ਏਅਰ ਇੰਡੀਆ ਐਕਸਪ੍ਰੈਸ ਅਤੇ ਏਆਈਐਕਸ ਕਨੈਕਟ (ਪਹਿਲਾਂ ਏਅਰ ਏਸ਼ੀਆ ਇੰਡੀਆ ਵਜੋਂ ਜਾਣਿਆ ਜਾਂਦਾ ਸੀ) ਰਲੇਵੇਂ ਲਈ ਤਿਆਰ ਹਨ। ਇਸ ਵਿਸਤਾਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਏਅਰਲਾਈਨ ਨੇ ਹੁਣ ਕੈਬਿਨ ਕਰੂ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਲੈ ਕੇ ਕੁਝ ਕੈਬਿਨ ਕਰੂ ਨਾਰਾਜ਼ ਸਨ।
ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ ਛੁੱਟੀ ‘ਤੇ ਗਏ ਕੈਬਿਨ ਕਰੂ ਮੈਂਬਰਾਂ ਨੂੰ ਕੰਪਨੀ ਨੇ ਈਮੇਲ ਰਾਹੀਂ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਬਾਰੇ ਜਾਣਕਾਰੀ ਦਿੱਤੀ ਹੈ। ਏਅਰਲਾਈਨ ਨੇ ਈਮੇਲ ਵਿੱਚ ਕਿਹਾ ਕਿ ਚਾਲਕ ਦਲ ਦੇ ਮੈਂਬਰ ਬਿਨਾਂ ਕਿਸੇ ਕਾਰਨ ਜਾਣਬੁੱਝ ਕੇ ਗੈਰਹਾਜ਼ਰ ਸਨ। ਉਨ੍ਹਾਂ ਦੀ ਗੈਰਹਾਜ਼ਰੀ ਦਾ ਕੋਈ ਖਾਸ ਕਾਰਨ ਨਹੀਂ ਜਾਪਦਾ। ਵੱਡੇ ਪੱਧਰ ‘ਤੇ ਬਿਮਾਰੀ ਦੀ ਛੁੱਟੀ ਲੈਣਾ ਨਿਯਮਾਂ ਦੀ ਉਲੰਘਣਾ ਹੈ। ਇੰਨਾ ਹੀ ਨਹੀਂ, ਅਜਿਹਾ ਕਰਕੇ ਕਰਮਚਾਰੀਆਂ ਨੇ ਉਨ੍ਹਾਂ ‘ਤੇ ਲਾਗੂ ‘ਏਅਰ ਇੰਡੀਆ ਐਕਸਪ੍ਰੈਸ ਲਿਮਟਿਡ ਕਰਮਚਾਰੀ ਸੇਵਾ ਨਿਯਮਾਂ’ ਦੀ ਵੀ ਉਲੰਘਣਾ ਕੀਤੀ ਹੈ।
ਏਅਰਲਾਈਨ ਨੇ ਅੱਗੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਦਾ ਰੋਸਟਰ ਮੰਗਲਵਾਰ ਨੂੰ ਹੀ ਤੈਅ ਕੀਤਾ ਗਿਆ ਸੀ। ਹਾਲਾਂਕਿ, ਆਖਰੀ ਸਮੇਂ ‘ਤੇ ਤੁਸੀਂ ਸ਼ਡਿਊਲਿੰਗ ਟੀਮ ਨੂੰ ਕਿਹਾ ਕਿ ਤੁਸੀਂ ਬਿਮਾਰ ਹੋ ਅਤੇ ਸਿਕ ਲੀਵ ਲਈ ਹੈ। ਇਸ ਵਿਚ ਇਹ ਦੇਖਣ ਨੂੰ ਮਿਲਿਆ ਹੈ ਕਿ ਉਸੇ ਸਮੇਂ ਵੱਡੀ ਗਿਣਤੀ ਵਿਚ ਹੋਰ ਕੈਬਿਨ ਕਰੂ ਮੈਂਬਰਾਂ ਨੇ ਵੀ ਬਿਮਾਰ ਹੋਣ ਦੀ ਗੱਲ ਕਹੀ ਸੀ। ਇਹ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਬਿਨਾਂ ਕਿਸੇ ਜਾਇਜ਼ ਕਾਰਨ ਦੇ ਯੋਜਨਾਬੱਧ ਗੈਰਹਾਜ਼ਰੀ ਸੀ।”
ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ, “ਕੈਬਿਨ ਕਰੂ ਦੇ ਛੁੱਟੀ ‘ਤੇ ਜਾਣ ਕਾਰਨ ਵੱਡੀ ਗਿਣਤੀ ‘ਚ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਇਸ ਕਾਰਨ ਸਾਰਾ ਸ਼ਡਿਊਲ ਵਿਗੜ ਗਿਆ ਹੈ, ਜੋ ਸਾਡੇ ਯਾਤਰੀਆਂ ਲਈ ਵੱਡੀ ਸਮੱਸਿਆ ਬਣ ਕੇ ਉਭਰਿਆ ਹੈ।” ਇਸ ਨੇ ਕਿਹਾ, “ਤੁਹਾਡੀਆਂ ਕਾਰਵਾਈਆਂ ਦਰਸਾਉਂਦੀਆਂ ਹਨ ਕਿ ਤੁਸੀਂ ਸੰਚਾਲਨ ਅਤੇ ਸੇਵਾਵਾਂ ਵਿੱਚ ਵਿਘਨ ਪਾਉਣਾ ਚਾਹੁੰਦੇ ਸੀ।”