ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਸਟ੍ਰੇਲੀਆ ਖਿਲਾਫ ਚੱਲ ਰਹੇ ਤੀਜੇ ਟੈਸਟ ਮੈਚ ਦੌਰਾਨ ਆਪਣੇ 3 ਖਿਡਾਰੀਆਂ ਨੂੰ ਭਾਰਤ ਭੇਜਣ ਦਾ ਫੈਸਲਾ ਕੀਤਾ ਹੈ। ਇਹ ਤਿੰਨੋਂ ਤੇਜ਼ ਗੇਂਦਬਾਜ਼ ਹਨ ਅਤੇ ਉਨ੍ਹਾਂ ਨੂੰ ਆਸਟ੍ਰੇਲੀਆ ‘ਚ ਚੱਲ ਰਹੀ ਟੈਸਟ ਸੀਰੀਜ਼ ‘ਚ ਖੇਡੇ ਗਏ ਤਿੰਨ ਮੈਚਾਂ ‘ਚ ਮੌਕਾ ਨਹੀਂ ਮਿਲਿਆ। ਦੇਸ਼ ਪਰਤਣ ਤੋਂ ਬਾਅਦ ਇਹ ਖਿਡਾਰੀ ਵਿਜੇ ਹਜ਼ਾਰੇ ਟਰਾਫੀ ਜੋ ਕਿ 21 ਦਸੰਬਰ ਤੋਂ ਸ਼ੁਰੂ ਹੋ ਕੇ 18 ਜਨਵਰੀ ਚੱਲੇਗੀ ਉਸ ਵਿੱਚ ਖੇਡਦੇ ਨਜ਼ਰ ਆਉਣਗੇ। ਇਨ੍ਹਾਂ ਖਿਡਾਰੀਆਂ ‘ਚ ਮੁਕੇਸ਼ ਕੁਮਾਰ, ਯਸ਼ ਦਿਆਲ ਅਤੇ ਨਵਦੀਪ ਸੈਣੀ ਸ਼ਾਮਲ ਹਨ, ਜਿਨ੍ਹਾਂ ਨੂੰ ਟੀਮ ਇੰਡੀਆ ‘ਚ ਰਿਜ਼ਰਵ ਖਿਡਾਰੀਆਂ ਵਜੋਂ ਰੱਖਿਆ ਗਿਆ ਸੀ।
ਤਿੰਨੋਂ ਗੇਂਦਬਾਜ਼ਾਂ ਨੂੰ ਆਸਟਰੇਲੀਆ ਦੇ ਖਿਲਾਫ ਬਾਕੀ ਦੋ ਟੈਸਟ ਮੈਚਾਂ ਵਿੱਚ ਮੌਕਾ ਮਿਲਣਾ ਮੁਸ਼ਕਲ ਸੀ, ਅਜਿਹੇ ਵਿੱਚ ਭਾਰਤੀ ਬੋਰਡ ਨੇ ਇਨ੍ਹਾਂ ਗੇਂਦਬਾਜ਼ਾਂ ਨੂੰ ਵਾਪਸ ਭਾਰਤ ਸੱਦਣ ਦਾ ਫੈਸਲਾ ਕੀਤਾ। BCCI ਨੇ ਇਨ੍ਹਾਂ ਤਿੰਨਾਂ ਨੂੰ ਪਹਿਲਾਂ ਇਸ ਲਈ ਬੁਲਾ ਲਿਆ ਹੈ ਤਾਂ ਕਿ ਉਹ ਭਾਰਤ ਪਰਤ ਕੇ ਵਿਜੇ ਹਜ਼ਾਰੇ ਟਰਾਫੀ ਤੋਂ ਪਹਿਲਾਂ ਢੁਕਵਾਂ ਅਭਿਆਸ ਕਰ ਸਕਣ। ਬੰਗਾਲ ਦੀ ਟੀਮ ਨੇ ਮੁਕੇਸ਼ ਕੁਮਾਰ ਨੂੰ ਆਪਣੀ ਟੀਮ ਵਿੱਚ ਜਗ੍ਹਾ ਦਿੱਤੀ ਹੈ। ਵਿਜੇ ਹਜ਼ਾਰੇ ਟਰਾਫੀ ਲਈ ਬੰਗਾਲ ਨੇ ਮੁਹੰਮਦ ਸ਼ਮੀ ਨੂੰ ਵੀ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ, ਜੋ ਆਪਣੀ ਫਿਟਨੈੱਸ ਸਾਬਤ ਕਰਦੇ ਨਜ਼ਰ ਆਉਣਗੇ। ਸ਼ਮੀ ਦੇ ਆਸਟ੍ਰੇਲੀਆ ਜਾਣ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ।
ਟੀਮ ਇੰਡੀਆ ਤੋਂ ਮੁਕੇਸ਼ ਕੁਮਾਰ, ਨਵਦੀਪ ਸੈਣੀ ਅਤੇ ਯਸ਼ ਦਿਆਲ ਨੂੰ ਛੱਡਣ ਤੋਂ ਬਾਅਦ ਵੀ ਭਾਰਤੀ ਟੀਮ ਕੋਲ 5 ਤੇਜ਼ ਗੇਂਦਬਾਜ਼ ਹਨ, ਜਿਨ੍ਹਾਂ ‘ਚ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਆਕਾਸ਼ਦੀਪ, ਹਰਸ਼ਿਤ ਰਾਣਾ ਅਤੇ ਪ੍ਰਸਿਦ ਕ੍ਰਿਸ਼ਨਾ ਸ਼ਾਮਲ ਹਨ। ਮੁਕੇਸ਼ ਅਤੇ ਸੈਣੀ ਸ਼ੁਰੂ ਤੋਂ ਹੀ ਟੀਮ ਇੰਡੀਆ ਦੇ ਨਾਲ ਸਨ। ਇਹ ਦੋਵੇਂ ਭਾਰਤ A ਦੇ ਨਾਲ ਆਸਟ੍ਰੇਲੀਆ ਦੌਰੇ ‘ਤੇ ਗਏ ਸਨ ਜਿੱਥੇ ਉਨ੍ਹਾਂ ਦਾ ਸਾਹਮਣਾ ਆਸਟ੍ਰੇਲੀਆ A ਟੀਮ ਨਾਲ ਹੋਇਆ ਸੀ। ਮੁਕੇਸ਼ ਨੇ ਆਸਟ੍ਰੇਲੀਆ-ਏ ਦੇ ਖਿਲਾਫ ਦੋਵੇਂ ਗੈਰ-ਅਧਿਕਾਰਤ ਟੈਸਟ ਖੇਡੇ, ਜਿਸ ‘ਚ ਉਨ੍ਹਾਂ ਨੇ 11 ਵਿਕਟਾਂ ਲਈਆਂ।