Canada ਚ ਸਰਕਾਰ ਡੇਗਣ ਦੀ ਵਿਰੋਧੀ ਧਿਰ ਦੀ ਕੋਸ਼ਿਸ਼ ਨਾਕਾਮ

 ਕੈਨੇਡਾ ’ਚ ਪੀਐੱਮ ਜਸਟਿਨ ਟਰੂਡੋ ਨੇ ਸੰਸਦ ’ਚ ਵਿਸ਼ਵਾਸ ਮਤ ਜਿੱਤ ਲਿਆ ਹੈ ਅਤੇ ਹੁਣ ਉਨ੍ਹਾਂ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਇਸ ਤਰ੍ਹਾਂ ਨਾਲ ਉਨ੍ਹਾਂ ਦੀ ਨੌਂ ਸਾਲ ਪੁਰਾਣੀ ਲਿਬਰਲ ਪਾਰਟੀ ਦਾ ਸ਼ਾਸਨ ਖਤਮ ਕਰਨ ਦੀ ਵਿਰੋਧੀ ਦਲਾਂ ਦੀ ਮੁਹਿੰਮ ਇਕ ਵਾਰ ਫਿਰ ਅਸਫਲ ਹੋ ਗਈ ਹੈ। ਹਾਊਸ ਆਫ ਕਾਮਨਜਸ ’ਚ ਵਿਰੋਧੀ ਕੰਜਰਵੇਟਿਵ ਪਾਰਟੀ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ ’ਤੇ ਸਰਕਾਰ ਦੇ ਸਮਰਥਨ ’ਚ 211 ਵੋਟਾਂ ਪਈਆਂ ਜਦਕਿ ਵਿਰੋਧ ’ਚ 120 ਵੋਟਾਂ ਪਈਆਂ।

ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਦਾਅਵਾ ਕੀਤਾ ਸੀ ਕਿ ਟਰੂਡੋ ਸਰਕਾਰ ਸੰਸਦ ’ਚ ਬਹੁਮਤ ਗੁਆ ਚੁੱਕੀ ਹੈ ਅਤੇ ਉਸ ਨੂੰ ਹੁਣ ਸੱਤਾ ’ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਅਜਿਹੇ ਸਮੇਂ ਆਇਆ ਸੀ ਜਦੋਂ ਮਹਿੰਗਾਈ ਅਤੇ ਆਵਾਸ ਸਬੰਧੀ ਸਮੱਸਿਆ ਦੇ ਚੱਲਦੇ ਪੀਐੱਮ ਟਰੂਡੋ ਦੀ ਪ੍ਰਸਿੱਧੀ ’ਚ ਗਿਰਾਵਟ ਆ ਰਹੀ ਸੀ। ਇਸੇ ਦੌਰਾਨ ਇਕ ਛੋਟੇ ਸਹਿਯੋਗੀ ਦਲ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ। ਇਸ ਤੋਂ ਬਾਅਦ ਸਰਕਾਰ ਦੇ ਘੱਟ ਗਿਣਤੀ ’ਚ ਆਉਣ ਦੇ ਕਿਆਸ ਲਗਾਏ ਜਾਣ ਲੱਗੇ ਸਨ।

ਕੈਨੇਡਾ ’ਚ ਸੰਸਦ ਦਾ ਕਾਰਜਕਾਲ ਅਕਤੂਬਰ 2025 ਤੱਕ ਹੈ, ਉਸ ਤੋਂ ਬਾਅਦ ਆਮ ਚੋਣਾਂ ਨਾਲ ਨਵੀਂ ਸੰਸਦ ਗਠਿਤ ਹੋਵੇਗੀ। ਵੈਸੇ ਜਲਦ ਹੀ ਟਰੂਡੋ ਸਰਕਾਰ ਨੂੰ ਇਕ ਹੋਰ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਬਜਟ ਸੈਸ਼ਨ ’ਚ ਵੀ ਉਸ ਨੂੰ ਵਿਰੋਧੀ ਹੀ ਨਹੀਂ, ਕੁਝ ਸਹਿਯੋਗੀ ਦਲਾਂ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਪਵੇਗਾ ਪਰ ਨਹੀਂ ਲੱਗਦਾ ਕਿ ਉਸ ’ਚ ਸਰਕਾਰ ਡਿੱਗੇਗੀ। ਮੁੱਖ ਵਿਰੋਧੀ ਦਲ ਕੰਜਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਦੇਸ਼ ’ਚ ਮੁਸ਼ਕਲਾਂ ਵਧ ਰਹੀਆਂ ਹਨ, ਅਜਿਹੇ ’ਚ ਉਹ ਜਲਦ ਚੋਣਾਂ ਚਾਹੁੰਦੀ ਹੈ।

Advertisement