ਪੈਰਿਸ ਓਲੰਪਿਕ 2024 ਤੋਂ ਬਾਅਦ ਭਾਰਤੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦੇ ਸਮਰਥਕਾਂ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਚਾਂਦੀ ਦੇ ਤਗਮੇ ਲਈ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਵਿੱਚ ਅਰਜ਼ੀ ਦਾਖ਼ਲ ਕੀਤੀ ਸੀ। ਇਸ ਅਰਜ਼ੀ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ, ਹੁਣ ਇਸ ਮਾਮਲੇ ਦਾ ਫੈਸਲਾ ਬੁੱਧਵਾਰ ਨੂੰ ਆ ਗਿਆ ਹੈ। CAS ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਵਿਨੇਸ਼ ਨੂੰ ਚਾਂਦੀ ਦਾ ਤਗਮਾ ਨਹੀਂ ਮਿਲੇਗਾ।
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ 2024 ਲਈ 50 ਕਿਲੋਗ੍ਰਾਮ ਫ੍ਰੀਸਟਾਈਲ ਗੋਲਡ ਮੈਡਲ ਮੈਚ ਲਈ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਫੈਸਲੇ ਤੋਂ ਬਾਅਦ ਜਿੱਥੇ ਭਾਰਤੀ ਓਲੰਪਿਕ ਸੰਘ ਨੇ ਸਖਤ ਇਤਰਾਜ਼ ਜਤਾਇਆ ਸੀ, ਉਥੇ ਵਿਨੇਸ਼ ਵੀ ਕਾਫੀ ਨਿਰਾਸ਼ ਨਜ਼ਰ ਆ ਰਹੀ ਸੀ। ਵਿਨੇਸ਼ ਫੋਗਾਟ ਨੇ ਇਸ ਫੈਸਲੇ ਨੂੰ ਲੈ ਕੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਘੱਟੋ-ਘੱਟ ਸਿਲਵਰ ਮੈਡਲ ਦਿੱਤਾ ਜਾਵੇ, ਜਿਸ ‘ਤੇ CAS ਨੇ ਹੁਣ ਫੈਸਲਾ ਕੀਤਾ ਹੈ ਅਤੇ ਉਨ੍ਹਾਂ ਨੇ ਵਿਨੇਸ਼ ਫੋਗਾਟ ਦੀ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਅਤੇ ਉਸ ਨੂੰ ਚਾਂਦੀ ਦਾ ਤਗਮਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਊਸ਼ਾ ਨੇ CAS ਦੇ ਇਸ ਫੈਸਲੇ ‘ਤੇ ਨਿਰਾਸ਼ਾ ਪ੍ਰਗਟਾਈ ਹੈ। IOA ਦਾ ਮੰਨਣਾ ਹੈ ਕਿ ਦੋ ਦਿਨਾਂ ਦੇ ਦੂਜੇ ਦਿਨ ਭਾਰ ਦੇ ਉਲੰਘਣ ਲਈ ਅਥਲੀਟ ਨੂੰ ਪੂਰੀ ਤਰ੍ਹਾਂ ਅਯੋਗ ਕਰਾਰ ਦੇਣਾ ਪੂਰੀ ਤਰ੍ਹਾਂ ਨਾਲ ਜਾਂਚ ਦਾ ਹੱਕਦਾਰ ਹੈ। ਭਾਰਤੀ ਪੱਖ ਦੇ ਕਾਨੂੰਨੀ ਨੁਮਾਇੰਦਿਆਂ ਨੇ ਇਸ ਮਾਮਲੇ ਨੂੰ CAS ਦੇ ਸਾਹਮਣੇ ਸਹੀ ਢੰਗ ਨਾਲ ਪੇਸ਼ ਕੀਤਾ ਸੀ। IOA ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ CAS ਦੇ ਫੈਸਲੇ ਤੋਂ ਬਾਅਦ ਵੀ, IOA ਫੋਗਾਟ ਦੇ ਪੂਰੇ ਸਮਰਥਨ ਵਿੱਚ ਖੜ੍ਹਾ ਹੈ ਅਤੇ ਹੋਰ ਕਾਨੂੰਨੀ ਵਿਕਲਪਾਂ ਦੀ ਖੋਜ ਕਰ ਰਿਹਾ ਹੈ। IOA ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਨੇਸ਼ ਦੇ ਕੇਸ ਦੀ ਸੁਣਵਾਈ ਹੋਵੇ। IOA ਖੇਡ ਵਿੱਚ ਨਿਆਂ ਅਤੇ ਨਿਰਪੱਖਤਾ ਦੀ ਵਕਾਲਤ ਕਰਨਾ ਜਾਰੀ ਰੱਖੇਗਾ, ਇਹ ਯਕੀਨੀ ਬਣਾਉਂਦਾ ਹੈ ਕਿ ਅਥਲੀਟਾਂ ਅਤੇ ਖੇਡਾਂ ਵਿੱਚ ਹਰ ਕਿਸੇ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਹਰ ਸਮੇਂ ਬਰਕਰਾਰ ਰੱਖਿਆ ਜਾਵੇ।
ਦੱਸ ਦਈਏ ਕਿ ਪਹਿਲਾਂ ਇਸ ਮਾਮਲੇ ‘ਚ ਫੈਸਲਾ 13 ਅਗਸਤ ਨੂੰ ਦਿੱਤਾ ਜਾਣਾ ਸੀ ਪਰ ਖਬਰ ਆਈ ਸੀ ਕਿ ਫੈਸਲੇ ਦੀ ਤਰੀਕ ਵਧਾ ਕੇ 16 ਅਗਸਤ ਕਰ ਦਿੱਤੀ ਗਈ ਹੈ। ਪਰ ਹੁਣ ਉਸ ਤੋਂ ਪਹਿਲਾਂ ਹੀ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਗਿਆ ਸੀ।