ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਉਨ੍ਹਾਂ ਸਰਕਾਰੀ ਤੇ ਸਿਆਸੀ ਕੰਮਕਾਜ ਮੁੜ ਸ਼ੁਰੂ ਕਰ ਦਿੱਤਾ ਹੈ। ਉਹ ਦਿੱਲੀ ਵਿਚ ਅਪੋਲੋ ਹਸਪਤਾਲ ’ਚ ਚੈੱਕਅਪ ਕਰਵਾਉਣ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਆ ਗਏ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਮੁੜ ਆਪਣਾ ਕੰਮਕਾਜ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਬੀਤੇ ਦਿਨੀਂ ਚੰਡੀਗੜ੍ਹ ’ਚ ਸਰਕਾਰੀ ਬੈਠਕਾਂ ਵਿਚ ਹਿੱਸਾ ਵੀ ਲਿਆ ਸੀ।
ਦਸਿਆ ਜਾ ਰਿਹਾ ਹੈ ਕਿ ਉਹ ਅਪੋਲੋ ਹਸਪਤਾਲ ’ਚ ਕੁਝ ਘੰਟਿਆਂ ਲਈ ਹੀ ਦਾਖਲ ਹੋਏ ਸਨ ਜਿੱਥੇ ਉਨ੍ਹਾਂ ਦੇ ਕੁਝ ਟੈਸਟ ਹੋਣੇ ਸਨ। ਮੁੱਖ ਮੰਤਰੀ ਸ਼ੁੱਕਰਵਾਰ ਨੂੰ ਦਿੱਲੀ ਜਾ ਰਹੇ ਹਨ ਜਿੱਥੇ ਉੱਥੋਂ ਦੀ ਨਵੀਂ ਮੁੱਖ ਮੰਤਰੀ ਦੇ ਰੂਪ ’ਚ ਆਤਿਸ਼ੀ ਨੇ ਅਤੇ ਨਾਲ ਹੀ ਨਵੇਂ ਮੰਤਰੀਆਂ ਨੇ ਵੀ ਸਹੁੰ ਚੁੱਕਣੀ ਹੈ। ਮੁੱਖ ਮੰਤਰੀ ਦਾ ਦਿੱਲੀ ਵਿਚ 2 ਦਿਨ ਰੁਕਣ ਦਾ ਪ੍ਰੋਗਰਾਮ ਹੈ। ਉੱਥੇ ਉਹ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਸ਼ਨੀਵਾਰ ਸ਼ਾਮ ਨੂੰ ਵਾਪਸ ਚੰਡੀਗੜ੍ਹ ਆਉਣਗੇ।