ਦਿੱਲੀ ਪੁਲਿਸ ਨੇ ਅਗਲੇ 6 ਦਿਨਾਂ ਤੱਕ ਕਈ ਇਲਾਕਿਆਂ ਵਿੱਚ ‘ਨਵਾਂ ਕਾਨੂੰਨ’ ਲਾਗੂ ਕਰ ਦਿੱਤਾ ਹੈ। ਇਸ ਕਾਰਨ ਜੇਕਰ 5 ਲੋਕ ਇਕੱਠੇ ਨਿਕਲਦੇ ਹਨ ਤਾਂ ਪੁਲਿਸ ਉਨ੍ਹਾਂ ਖਿਲਾਫ ਵੀ ਕਾਰਵਾਈ ਕਰ ਸਕਦੀ ਹੈ। ਇਨ੍ਹਾਂ ਥਾਵਾਂ ’ਤੇ ਰੋਸ ਮੁਜ਼ਾਹਰੇ ਕਰਨ ’ਤੇ ਮੁਕੰਮਲ ਪਾਬੰਦੀ ਰਹੇਗੀ। ਕੋਈ ਵੀ ਕਿਸੇ ਕਿਸਮ ਦਾ ਹਥਿਆਰ ਲੈ ਕੇ ਨਹੀਂ ਜਾ ਸਕੇਗਾ।
ਦਿੱਲੀ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਬੀਐਨਐਸਐਸ ਦੀ ਧਾਰਾ 163 ਨਵੀਂ ਦਿੱਲੀ, ਕੇਂਦਰੀ ਦਿੱਲੀ, ਉੱਤਰੀ ਦਿੱਲੀ ਨੂੰ ਛੱਡ ਕੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਲਾਗੂ ਕਰ ਦਿੱਤੀ ਗਈ ਹੈ। ਪਹਿਲਾਂ ਤੁਸੀਂ ਇਸ ਨੂੰ ਧਾਰਾ 144 ਦੇ ਨਾਂ ਨਾਲ ਜਾਣਦੇ ਸੀ ਪਰ ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਸ ਦਾ ਨਾਂ ਬਦਲ ਗਿਆ ਹੈ। ਇਸ ਕਾਨੂੰਨ ਤਹਿਤ ਜੇਕਰ ਪੁਲਿਸ ਨੂੰ ਲੱਗਦਾ ਹੈ ਕਿ ਕਿਸੇ ਤਰ੍ਹਾਂ ਦੀ ਗੜਬੜੀ ਜਾਂ ਹੰਗਾਮਾ ਹੋਣ ਦੀ ਸੰਭਾਵਨਾ ਹੈ ਤਾਂ ਉਹ ਇਸ ਕਾਨੂੰਨ ਨੂੰ ਪੂਰੇ ਇਲਾਕੇ ਵਿੱਚ ਲਾਗੂ ਕਰ ਸਕਦੀ ਹੈ।
ਦਰਅਸਲ, ਦਿੱਲੀ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਕੁਝ ਲੋਕ ਵਕਫ ਬੋਰਡ ਸੋਧ ਬਿੱਲ ਅਤੇ ਈਦਗਾਹ ਮੁੱਦੇ ਨੂੰ ਲੈ ਕੇ ਪਰੇਸ਼ਾਨੀ ਪੈਦਾ ਕਰ ਸਕਦੇ ਹਨ। ਇਸ ਤੋਂ ਇਲਾਵਾ ਦੋ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ, ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਨੀਅਤ ਨਾਲ ਗੜਬੜ ਵੀ ਫੈਲਾਈ ਜਾ ਸਕਦੀ ਹੈ। ਇਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਹਨ।