ਅੰਮ੍ਰਿਤਸਰ ਵਿਚ 32 ਸਾਲ ਪਹਿਲਾਂ 1992 ਵਿਚ ਹੋਏ ਬਲਦੇਵ ਸਿੰਘ ਉਰਫ਼ ਦੇਬਾ ਅਤੇ ਕੁਲਵੰਤ ਸਿੰਘ ਦੇ ਫ਼ਰਜ਼ੀ ਐਨਕਾਊਂਟਰ ਮਾਮਲੇ ਵਿਚ ਮੋਹਾਲੀ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਦੋ ਸਾਬਕਾ ਪੁਲਿਸ ਕਰਮਚਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿਚ ਤਤਕਾਲੀ ਐੱਸ ਐੱਚ ਓ ਮਜੀਠਾ ਪੁਰਸ਼ੋਤਮ ਸਿੰਘ ਅਤੇ ਏ ਐੱਸ ਆਈ ਗੁਰਭਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਨੂੰ ਕਤਲ ਅਤੇ ਸਾਜ਼ਿਸ਼ ਰਚਣ ਦੇ ਦੋਸ਼ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ , ਜਦਕਿ ਇੰਸਪੈਕਟਰ ਚਮਨ ਲਾਲ ਅਤੇ ਡੀ ਐੱਸ ਪੀ ਐੱਸ.ਐੱਸ. ਸਿੱਧੂ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ ਗਿਆ ਹੈ।
ਦਸ ਦੇਈਏ ਕਿ 1992 ਵਿਚ ਹੋਏ ਇਸ ਐਨਕਾਊਂਟਰ ਦੌਰਾਨ ਉੱਚ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਇਹ ਦੋਵੇਂ ਵਿਅਕਤੀ ਅਤਿਵਾਦੀ ਹਨ, ਜਿਨ੍ਹਾਂ ਉੱਤੇ ਇਨਾਮ ਰੱਖਿਆ ਗਿਆ ਸੀ। ਪੁਲਿਸ ਨੇ ਉਨ੍ਹਾਂ ਨੂੰ ਹਤਿਆ, ਵਸੂਲੀ, ਲੁੱਟ ਅਤੇ ਹੋਰ ਅਨੇਕਾਂ ਗੁਨਾਹਾਂ ਵਿਚ ਸ਼ਾਮਲ ਹੋਣ ਦੇ ਦੋਸ਼ ਲਗਾਏ ਸਨ, ਪਰ ਹਕੀਕਤ ਵਿਚ ਇਨ੍ਹਾਂ ਵਿਚੋਂ ਇੱਕ ਫ਼ੌਜੀ ਅਤੇ ਦੂਜਾ 16 ਸਾਲ ਦਾ ਨਾਬਾਲਗ ਸੀ। 1995 ਵਿਚ ਸੁਪਰੀਮ ਕੋਰਟ ਦੇ ਹੁਕਮ ਤੇ ਸੀ ਬੀ ਆਈ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਬਲਦੇਵ ਸਿੰਘ ਉਰਫ਼ ਦੇਬਾ ਨੂੰ 6 ਅਗਸਤ 1992 ਨੂੰ ਪੁਲਿਸ ਨੇ ਉਸ ਦੇ ਘਰੋਂ ਅਗਵਾ ਕੀਤਾ, ਜਦਕਿ ਲਖਵਿੰਦਰ ਸਿੰਘ ਉਰਫ਼ ਲੱਖਾ ਫੋਰਡ ਨੂੰ 12 ਸਤੰਬਰ 1992 ਨੂੰ ਉਸ ਦੇ ਕਰਾਏ ਦੇ ਘਰੋਂ ਕਬਜ਼ੇ ਵਿਚ ਲਿਆ ਗਿਆ। ਪਰ ਕੁਲਵੰਤ ਸਿੰਘ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ।

ਅੰਮ੍ਰਿਤਸਰ ਜ਼ਿਲ੍ਹੇ ਦੇ ਭੈਣੀ ਬਸੇਰਕੇ ਦੇ ਫ਼ੌਜੀ ਜਵਾਨ ਬਲਦੇਵ ਸਿੰਘ ਦੇਬਾ ਨੂੰ ਛੁੱਟੀਆਂ ਦੌਰਾਨ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਇੱਕ ਫ਼ਰਜ਼ੀ ਮੁਕਾਬਲੇ ਵਿਚ ਮਾਰ ਦਿੱਤਾ। ਦੂਸਰਾ ਮਾਮਲਾ 16 ਸਾਲ ਦੇ ਨਾਬਾਲਗ ਲਖਵਿੰਦਰ ਸਿੰਘ ਦੀ ਗ਼ੈਰ-ਕਾਨੂੰਨੀ ਹੱਤਿਆ ਨਾਲ ਸੰਬੰਧਿਤ ਸੀ, ਜਿਸ ਨੂੰ ਵੀ ਘਰੋਂ ਉਠਾ ਕੇ ਮਾਰ ਦਿੱਤਾ ਗਿਆ। ਪਰ ਇਨ੍ਹਾਂ ਬੇਗੁਨਾਹਾਂ ਦੀ ਨਿਆਂ ਲਈ ਲੜਾਈ ਚੱਲਦੀ ਰਹੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਦਾਲਤ ਵਿਚ ਇਨਸਾਫ਼ ਲਈ ਸੰਘਰਸ਼ ਕੀਤਾ ਗਿਆ। ਸੀ ਬੀ ਆਈ ਨੇ ਪਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਇਕ ਹੋਰ ਮਾਮਲੇ ਵਿਚ ਫਸਾਇਆ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਬਲਦੇਵ ਸਿੰਘ ਨੂੰ ਗੋਲਾ ਬਾਰੂਦ ਦੀ ਬਰਾਮਦੀ ਲਈ ਲੈ ਜਾ ਰਹੇ ਸਨ, ਜਿੱਥੇ ਅਤਿਵਾਦੀਆਂ ਨਾਲ ਮੁਕਾਬਲਾ ਹੋਇਆ। ਪਰ ਸੀ ਬੀ ਆਈ ਦੀ ਜਾਂਚ ਵਿਚ ਇਹ ਕਹਾਣੀ ਝੂਠੀ ਨਿਕਲੀ।
ਜ਼ਿਕਰਯੋਗ ਹੈ ਕਿ 30 ਅਗਸਤ 1999 ਨੂੰ ਸੀ ਬੀ ਆਈ ਨੇ 9 ਪੁਲਿਸ ਕਰਮਚਾਰੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ। ਪਰ 2022 ਦੇ ਬਾਅਦ ਹੀ ਗਵਾਹਾਂ ਦੇ ਬਿਆਨ ਦਰਜ ਹੋਏ, ਜਦਕਿ ਮੁਕੱਦਮੇ ਵਿਚ ਦੇਰੀ ਕਾਰਨ 19 ਗਵਾਹਾਂ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ 32 ਸਾਲ ਲੰਬੀ ਜੰਗ ਤੋਂ ਬਾਅਦ, ਹੁਣ ਨਿਆਂ ਮਿਲਿਆ ਹੈ। ਇਸ ਦਰਮਿਆਨ, ਕਈ ਦੋਸ਼ੀਆਂ ਦੀ ਵੀ ਮੌਤ ਹੋ ਗਈ, ਪਰ ਮੁੱਖ ਦੋਸ਼ੀਆਂ ਨੇ ਅੰਤ ਵਿਚ ਅਦਾਲਤ ਵਿਚ ਮੁਕੱਦਮਾ ਭੁਗਤਿਆ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ।