ਸਿੱਖ ਪ੍ਰਚਾਰਕ ਰਣਜੀਤ ਸਿੰਘ ਢਡਰੀਆਂ ਵਾਲਿਆਂ ਖਿਲਾਫ ਰੇਪ ਅਤੇ ਕਤਲ ਦਾ ਮਾਮਲਾ ਦਰਜ ਹੋਣ ਤੋ ਬਾਅਦ ਉਨ੍ਹਾਂ ਦੀ ਪਹਿਲੀ ਪ੍ਰਤਿਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਮੇਰੇ ਉਤੇ ਜੋ ਇਲਜ਼ਾਮ ਲਾਏ ਗਏ ਹਨ, ਮੈਂ ਉਨ੍ਹਾਂ ਤੋਂ ਹੈਰਾਨ ਹਾਂ। ਰਣਜੀਤ ਸਿੰਘ ਢਡਰੀਆਂ ਨੇ ਕਿਹਾ ਕਿ ਕੁਝ ਵਿਰੋਧੀ ਲੋਕ ਬਹੁਤ ਖੁਸ਼ ਹੋਣਗੇ। ਰਣਜੀਤ ਸਿੰਘ ਨੇ ਕਿਹਾ ਪ੍ਰਮੇਸ਼ਵਰ ਦੁਆਰ ਅਤੇ ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਮੈਨੂੰ ਹਾਈਕੋਰਟ ਦੇ ਨਾਲ ਪੰਜਾਬ ਪੁਲਿਸ ਉਤੇ ਵੀ ਪੂਰਾ ਭਰੋਸਾ ਹੈ।
ਦਸ ਦਈਏ ਕਿ ਢੱਡਰੀਆਂਵਾਲੇ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਹ ਜਾਣਕਾਰੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੇ ਡੀਜੀਪੀ ਵੱਲੋਂ ਦਾਇਰ ਹਲਫ਼ਨਾਮੇ ਵਿੱਚ ਦਿੱਤੀ ਗਈ ਹੈ। ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਧਾਰਾ 302,376 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਾਲ 2012 ਵਿੱਚ ਪ੍ਰਮੇਸ਼ਰ ਦੁਆਰ ਇਕ ਲੜਕੀ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਵਾਬ ਤਲਬ ਕੀਤਾ ਸੀ। ਇਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਨੇ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਸੀਨੀਅਰ ਆਈਪੀਐਸ ਦੀ ਅਗਵਾਈ ਵਾਲੀ ਸੀਬੀਆਈ ਜਾਂ ਐਸਆਈਟੀ ਰਾਹੀਂ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਪਟੀਸ਼ਨ ਵਿਚ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਗੰਭੀਰ ਦੋਸ਼ ਲਾਏ ਗਏ ਸਨ। ਪਟੀਸ਼ਨ ‘ਚ ਕਿਹਾ ਗਿਆ ਸੀ ਕਿ 22 ਅਪ੍ਰੈਲ 2012 ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪ੍ਰਮੇਸ਼ਰ ਦੁਆਰ ‘ਚ ਉਸ ਦੀ ਭੈਣ ਨਾਲ ਜਬਰ ਜਨਾਹ ਕਰਕੇ ਉਸ ਦਾ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਉਦੋਂ ਇਨ੍ਹਾਂ ਇਲਜ਼ਾਮਾਂ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਿਰੇ ਤੋਂ ਖਾਰਿਜ ਕੀਤਾ ਸੀ। ਢੱਡਰੀਆਂ ਵਾਲੇ ਨੇ ਕਿਹਾ ਸੀ ਕਿ ਉਸ ਲੜਕੀ ਦੀ ਜਦੋਂ ਮੌਤ ਹੋਈ ਸੀ, ਮੈਂ ਵਿਦੇਸ਼ ਵਿੱਚ ਸੀ, ਨਾਲ ਉਸ ਲੜਕੀ ਵੱਲੋਂ ਗੁਰੂਘਰ ਚ ਨਹੀਂ ਸਗੋਂ ਬਾਹਰ ਜ਼ਹਿਰੀਲਾ ਪਦਾਰਥ ਨਿਗਲਿਆ ਗਿਆ। ਜਿਸ ਵਿੱਚ ਉਨ੍ਹਾਂ ਦਾ ਕੋਲ ਲੈਣਾ ਦੇਣਾ ਨਹੀਂ ਹੈ।