ਫ੍ਰੈਂਚਾਈਜ਼ੀ ਵੈਸਟਲਾਈਫ ਫੂਡਵਰਲਡ ਦੁਆਰਾ ਪੱਛਮੀ ਅਤੇ ਦੱਖਣੀ ਭਾਰਤ ਵਿੱਚ ਕਵਿੱਕ ਸਰਵਿਸ ਰੈਸਟੋਰੈਂਟ ਚੇਨ ਚਲਾਉਣ ਵਾਲੀ ਮੈਕਡੋਨਲਡਜ਼ ਇੰਡੀਆ ਹੁਣ ਕਈ ਤਰ੍ਹਾਂ ਦੇ ਮੋਟੇ ਅਨਾਜ ਤੋਂ ਬਣੇ ‘ਬਨ’ ਵਾਲਾ ਬਰਗਰ ਪੇਸ਼ ਕਰੇਗੀ। ਇਸ ਬਨ ਨੂੰ ਪ੍ਰਮੁੱਖ ਭੋਜਨ ਤਕਨਾਲੋਜੀ ਖੋਜ ਸੰਸਥਾਨ CSIR-CFTRI ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।
ਇਸ ਵਿੱਚ ਪੰਜ ਮੋਟੇ ਅਨਾਜ – ਬਾਜਰਾ, ਰਾਗੀ, ਜਵਾਰ, ਚੇਨਾ (ਪ੍ਰੋਸੋ) ਅਤੇ ਕੋਦੋ – ਦੀ ਵਰਤੋਂ ਕੀਤੀ ਜਾ ਰਹੀ ਹੈ। ਕੰਪਨੀ ਨੇ ਇਸ ਵਿਸ਼ੇਸ਼ ਕਿਸਮ ਦੇ ਬਨ ਲਈ CSIR-ਸੈਂਟਰਲ ਫੂਡ ਟੈਕਨੋਲੋਜੀਕਲ ਰਿਸਰਚ ਇੰਸਟੀਚਿਊਟ (CFTRI) ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਲਈ 5,000 ਕਿਸਾਨਾਂ ਤੋਂ ਸਿੱਧਾ ਮੋਟਾ ਅਨਾਜ ਖਰੀਦਿਆ ਜਾਵੇਗਾ।

ਇਹ QSR (ਤਤਕਾਲ ਸੇਵਾ ਰੈਸਟੋਰੈਂਟ) ਸੈਕਟਰ ਵਿੱਚ ਆਪਣੀ ਕਿਸਮ ਦੀ ਪਹਿਲੀ ਭਾਈਵਾਲੀ ਹੈ। ਇਹ ਪੌਸ਼ਟਿਕ ਭੋਜਨ ਦੇ ਵਿਕਲਪਾਂ ਨੂੰ ਵਿਕਸਤ ਕਰਨ ਲਈ ਮੈਕਡੋਨਲਡ ਦੇ ਯਤਨਾਂ ਨਾਲ CSIR-CFTRI ਦੀ ਮੁਹਾਰਤ ਨੂੰ ਜੋੜਦਾ ਹੈ।
ਮੈਕਡੋਨਲਡਜ਼ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਅਕਸ਼ੈ ਜਾਟੀਆ ਨੇ ਕਿਹਾ, ‘ਇਸ ਦਾ ਉਦੇਸ਼ ਸਾਡੇ ਭੋਜਨ ਦੀ ਪੌਸ਼ਟਿਕ ਗੁਣਵੱਤਾ ਨੂੰ ਬਿਹਤਰ ਬਣਾਉਣਾ ਹੈ, ਤਾਂ ਜੋ ਗਾਹਕਾਂ ਨੂੰ ਲੰਬੇ ਸਮੇਂ ਤੱਕ ਇਸ ਦਾ ਲਾਭ ਮਿਲ ਸਕੇ।’
ਜਾਟੀਆ ਨੇ ਕਿਹਾ ਕਿ ਕੰਪਨੀ ਭਾਰਤ ਵਿੱਚ 5,000 ਕਿਸਾਨਾਂ ਤੋਂ ਸਿੱਧੇ ਬਾਜਰੇ ਦੀ ਖਰੀਦ ਕਰ ਰਹੀ ਹੈ। ਇਹ ਫਾਰਮ-ਟੂ-ਫੋਰਕ ਮਾਡਲ ‘ਤੇ ਆਧਾਰਿਤ ਹੋਵੇਗਾ। ਹਾਲਾਂਕਿ ਇਸ ਸਪੈਸ਼ਲ ਬਰਗਰ ਲਈ ਗਾਹਕਾਂ ਨੂੰ ਆਮ ਬਰਗਰ ਨਾਲੋਂ 10 ਰੁਪਏ ਜ਼ਿਆਦਾ ਦੇਣੇ ਹੋਣਗੇ। ਇਹ ਨਵੀਂ ਪੇਸ਼ਕਸ਼ ਮੈਕਡੋਨਲਡ ਦੇ ਸਾਰੇ 400 ਆਊਟਲੇਟਾਂ ‘ਤੇ ਉਪਲਬਧ ਹੋਵੇਗੀ।