PGI ਵਿੱਚ ਪੰਜਾਬੀ ਭਾਸ਼ਾ ਚ ਲਗਾਏ ਜਾਣਗੇ ਬੋਰਡ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ PGI ਵਿੱਚ ਹਾਲ ਹੀ ਵਿੱਚ ਹਿੰਦੀ ਦੀ ਪ੍ਰਮੁੱਖਤਾ ਨਾਲ ਵਰਤੋਂ ਸਬੰਧੀ ਡਾਕਟਰਾਂ ਨੂੰ ਹੁਕਮ ਦਿੱਤੇ ਗਏ ਸਨ। ਇਸ ਸਬੰਧੀ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ ਪਰ ਹੁਣ ਇਸ ਵਿੱਚ ਸੋਧ ਕਰ ਕੇ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ। ਮਰੀਜ਼ਾਂ ਦੀ ਸਹੂਲਤ ਲਈ ਹੁਣ ਪੀ.ਜੀ.ਆਈ.’ਚ ਪੰਜਾਬੀ ਭਾਸ਼ਾ ਦੀ ਵੀ ਵਰਤੋਂ ਕੀਤੀ ਜਾਵੇਗੀ। ਇਸ ਸਬੰਧੀ ਨਵਾਂ ਸਰਕੂਲਰ ਜਾਰੀ ਕੀਤਾ ਗਿਆ ਹੈ। ਨਵੇਂ ਸਰਕੂਲਰ ’ਚ ਡਾਇਰੈਕਟਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਮਰੀਜ਼ਾਂ ਦੀ ਸਹੂਲਤ ਅਨੁਸਾਰ ਓ.ਪੀ.ਡੀ., ਆਈ.ਪੀ.ਡੀ., ਪਰਚੀਆਂ/ਕਾਰਡ ਆਦਿ ਪੰਜਾਬੀ ਤੇ ਹਿੰਦੀ ’ਚ ਲਿਖਣ ਤੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀਆ ਹਦਾਇਤਾਂ ਦੇਣ ਲਈ ਜਿੰਨਾ ਸੰਭਵ ਹੋ ਸਕੇ, ਸਥਾਨਕ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਨ। ਬਿਮਾਰੀ ਬਾਰੇ ਜਾਗਰੂਕਤਾ ਲਈ ਬਣਾਈ ਗਈ ਵੀਡੀਓ ਪੰਜਾਬੀ ਤੇ ਹਿੰਦੀ ’ਚ ਤਿਆਰ ਕੀਤੀ ਜਾਵੇ।

ਇਹ ਫ਼ੈਸਲਾ 2015 ਤੋਂ ਸ਼ਹਿਰ ’ਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰ ਰਹੇ ਸਰਕਾਰੀ ਕਾਲਜ ਸੈਕਟਰ-46 ਦੇ ਸਹਾਇਕ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਵੱਲੋਂ ਪੀ.ਜੀ.ਆਈ ਨੂੰ ਪੱਤਰ ਲਿਖਣ ਤੋਂ ਬਾਅਦ ਲਿਆ ਗਿਆ ਹੈ। ਇਸ ਪੱਤਰ ’ਚ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ’ਚ ਪੰਜਾਬ, ਹਰਿਆਣਾ, ਹਿਮਾਚਲ, ਯੂ.ਪੀ, ਬਿਹਾਰ ਤੇ ਹੋਰ ਕਈ ਰਾਜਾਂ ਤੋਂ ਮਰੀਜ਼ ਆਉਂਦੇ ਹਨ। ਪੰਜਾਬੀ ਇੱਥੋਂ ਦੀ ਸਥਾਨਕ ਭਾਸ਼ਾ ਹੈ ਤੇ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ। ਜੇ ਗੱਲਬਾਤ ਤੇ ਕੰਮ ਸਥਾਨਕ ਭਾਸ਼ਾ ’ਚ ਕੀਤਾ ਜਾਵੇ ਤਾਂ ਇਸ ਦਾ ਮਰੀਜ਼ਾਂ ਨੂੰ ਜ਼ਿਆਦਾ ਫ਼ਾਇਦਾ ਹੋਵੇਗਾ।

ਪ੍ਰੋ. ਰਾਓ ਦਾ ਕਹਿਣਾ ਹੈ ਕਿ ਪੀ.ਜੀ.ਆਈ. ’ਚ ਹਿੰਦੀ ਦੇ ਸਾਈਨ ਬੋਰਡ ਤਾਂ ਲਾਏ ਹਨ ਪਰ ਉਨ੍ਹਾਂ ’ਚ ਪੰਜਾਬੀ ਨੂੰ ਅਣਦੇਖਿਆ ਕੀਤਾ ਗਿਆ ਹੈ। ਅੰਗਰੇਜ਼ੀ ਨੂੰ ਸਿਖਰ ’ਤੇ ਰੱਖਿਆ ਗਿਆ ਹੈ ਜਦਕਿ ਪਹਿਲਾਂ ਹਿੰਦੀ ਤੇ ਪੰਜਾਬੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਅੰਗਰੇਜ਼ੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪੀ.ਜੀ.ਆਈ. ਦੇ ਡਾਇਰੈਕਟਰ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਡਾਕਟਰਾਂ ਨੂੰ ਮਰੀਜ਼ਾਂ ਨਾਲ ਪੰਜਾਬੀ ’ਚ ਗੱਲ ਕਰਨ ਤੇ ਦਵਾਈਆਂ ਪੰਜਾਬੀ ’ਚ ਲਿਖਣ ਲਈ ਕਹਿਣ। ਉਨ੍ਹਾਂ ਨੇ ਮਰੀਜ਼ਾਂ ਨਾਲ ਸਬੰਧਤ ਵੀਡੀਓ ਵੀ ਪੰਜਾਬੀ ’ਚ ਬਣਾਉਣ ਦੀ ਬੇਨਤੀ ਕੀਤੀ ਹੈ।

Advertisement