ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਵਿੱਚ ਕੁੱਤਿਆਂ ਦੇ ਹਮਲੇ ਵਧਦੇ ਜਾ ਰਹੇ ਹਨ। ਕਈ ਲੋਕਾਂ ‘ਤੇ ਕੁੱਤਿਆਂ ਨੇ ਹਮਲਾ ਕੀਤਾ ਹੈ, ਜਿਨ੍ਹਾਂ ‘ਚ ਛੋਟੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਜਾਨ ਵੀ ਚਲੀ ਗਈ ਹੈ। ਇਸ ਲਈ ਕੇਂਦਰ ਸਰਕਾਰ ਨੇ ਖਤਰਨਾਕ ਕੁੱਤਿਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਪਿਟਬੁਲ ਤੇ ਬੁਲਡੌਗ ਵਰਗੇ ਮਨੁੱਖਾਂ ਲਈ ਖ਼ਤਰਨਾਕ ਕੁੱਤਿਆਂ ਦੇ ਆਯਾਤ, ਬ੍ਰੀਡਿੰਗ ਤੇ ਵਿਕਰੀ ‘ਤੇ ਪਾਬੰਦੀ ਲਾ ਦਿੱਤੀ ਹੈ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਅਜਿਹੇ ਕੁੱਤਿਆਂ ਦੀ ਵਿਕਰੀ ਤੇ ਬ੍ਰੀਡਿੰਗ ਲਈ ਲਾਇਸੈਂਸ ਤੇ ਪਰਮਿਟ ਦੇਣ ਤੋਂ ਰੋਕਣ ਦੇ ਹੁਕਮ ਦਿੱਤੇ ਹਨ।
ਦਿੱਲੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੇਂਦਰ ਸਰਕਾਰ ਖਤਰਨਾਕ ਕੁੱਤਿਆਂ ਦੀ ਬਰੀਡਿੰਗ ‘ਤੇ ਐਕਸ਼ਨ ਮੋਡ ‘ਚ ਹੈ। ਕੇਂਦਰ ਸਰਕਾਰ ਨੇ ਅਜਿਹੇ ਖਤਰਨਾਕ ਕੁੱਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਿਨ੍ਹਾਂ ‘ਚ ਪਿਟਬੁੱਲ, ਰੋਟਵੀਲਰ, ਟੈਰੀਅਰ, ਵੁਲਫ ਡਾਗ ਤੇ ਮਾਸਟਿਫ ਸ਼ਾਮਲ ਹਨ। ਇਨ੍ਹਾਂ ਦੇ ਆਯਾਤ, ਪ੍ਰਜਨਨ ਅਤੇ ਖਰੀਦ-ਵੇਚ ‘ਤੇ ਪਾਬੰਦੀ ਲਾਉਣ ਲਈ ਸੂਬਿਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਆਪਣੇ ਸੂਬੇ ਦੀਆਂ ਸਥਾਨਕ ਸੰਸਥਾਵਾਂ ਨਾਲ ਗੱਲ ਕਰਨ ਅਤੇ ਪਾਬੰਦੀ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ। ਦਰਅਸਲ, ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਤਿੰਨ ਮਹੀਨਿਆਂ ਦੇ ਅੰਦਰ ਸਾਰੇ ਸਟੇਕਹੋਲਡਰਾਂ ਨਾਲ ਗੱਲ ਕਰਨ ਤੋਂ ਬਾਅਦ ਫੈਸਲਾ ਲੈਣ ਦਾ ਹੁਕਮ ਦਿੱਤਾ ਸੀ।