ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ‘ਚ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਵਿਚ 25 ਕਿਸਾਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਤੇ ਨਾਲ ਹੀ ਕਤਲ ਦੀ ਕੋਸ਼ਿਸ਼ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ। ਇਸ ਦਾ ਪਤਾ ਉਦੋਂ ਲੱਗਾ ਜਦੋਂ ਕਿਸਾਨਾਂ ਨੂੰ ਇਸ ਬਾਰੇ ਸੰਮਨ ਜਾਰੀ ਕੀਤੇ ਗਏ ਜਿਸ ਤੋਂ ਖੁਲਾਸਾ ਹੋਇਆ ਕਿ 5 ਜਨਵਰੀ 2022 ਦੇ 3 ਸਾਲ ਪੁਰਾਣੇ ਸੁਰੱਖਿਆ ਚੂਕ ਮਾਮਲੇ ਵਿਚ ਪੁਲਿਸ ਨੇ ਹੁਣ ਆਈਪੀਸੀ ਦੀ ਧਾਰਾ 307, 353, 341, 186, 149 ਤੇ ਨੈਸ਼ਨਲ ਹਾਈਵੇ ਐਕਟ ਦੀ ਧਾਰਾ 8-ਬੀ ਵੀ ਜੋੜ ਦਿੱਤੀ ਹੈ। ਪਹਿਲਾਂ ਇਹ ਕੇਸ ਜਨਤਕ ਰਸਤਾ ਰੋਕਣ ਦੇ ਮਾਮਲੇ ਵਿਚ ਧਾਰਾ 283 ਤਹਿਤ ਦਰਜ ਕੀਤਾ ਗਿਆ ਸੀ।
ਦਸ ਦੇਈਏ ਕਿ ਸੁਰੱਖਿਆ ਕੁਤਾਹੀ ਦੇ ਦਿਨ ਪ੍ਰਧਾਨ ਮੰਤਰੀ ਨੂੰ ਫਿਰੋਜ਼ਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ। ਪਹਿਲਾਂ ਉਨ੍ਹਾਂ ਨੇ ਹੈਲੀਕਾਪਟਰ ਤੋਂ ਜਾਣਾ ਸੀ ਪਰ ਮੌਸਮ ਦੀ ਖਰਾਬੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਸੜਕ ਦੇ ਰਸਤੇ ਤੋਂ ਲਿਜਾਇਆ ਗਿਆ ਪਰ ਰਸਤੇ ਵਿਚ ਕਿਸਾਨਾਂ ਨੇ ਜਾਮ ਲਗਾ ਦਿੱਤਾ ਜਿਸ ਦੇ ਬਾਅਦ PM ਮੋਦੀ ਦਾ ਕਾਫਲਾ ਲਗਭਗ 20 ਮਿੰਟ ਫਿਰੋਜ਼ਪੁਰ ਦੇ ਪਿਆਰੇਆਣਾ ਫਲਾਈਓਵਰ ‘ਤੇ ਰੁਕਿਆ ਰਿਹਾ ਜਿਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਪਰਤ ਆਏ ਤੇ ਦਿੱਲੀ ਚਲੇ ਗਏ।
ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਵੀ ਜੋੜ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਕੁੱਲ 24 ਦੋਸ਼ੀਆਂ ਖ਼ਿਲਾਫ਼ ਦਰਜ ਐਫਆਈਆਰ ਵਿੱਚ ਧਾਰਾ 307 ਜੋੜ ਦਿੱਤੀ ਗਈ ਹੈ। ਇਸ ਮਾਮਲੇ ਦੇ ਇੱਕ ਦੋਸ਼ੀ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਫ਼ਿਰੋਜ਼ਪੁਰ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਇਸ ਲਈ ਅਦਾਲਤ ਨੇ ਐਫਆਈਆਰ ਵਿੱਚ ਸ਼ਾਮਲ ਧਾਰਾ 307 ਦੇ ਮੱਦੇਨਜ਼ਰ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਇਸ ਮਾਮਲੇ ਵਿੱਚ ਧਾਰਾ 307 ਜੋੜਨ ਨਾਲ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਜਾਂਚ ਤੋਂ ਬਾਅਦ ਬਣਾਈ ਗਈ ਕਮੇਟੀ ਵੱਲੋਂ ਦਰਜ ਐਫਆਈਆਰ ਵਿੱਚ ਧਾਰਾ 307 ਜੋੜ ਦਿੱਤੀ ਗਈ ਹੈ ਤੇ 25 ਕਿਸਾਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ।