ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਆਪਣਾ 74ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਉਹ ਉੜੀਸਾ ਵਿੱਚ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇੱਥੇ ਸੁਭਦਰਾ ਯੋਜਨਾ ਸ਼ੁਰੂ ਕੀਤੀ ਹੈ। ਇਹ ਸਕੀਮ ਔਰਤਾਂ ਦੇ ਸਸ਼ਕਤੀਕਰਨ ਲਈ ਸੂਬਾ ਸਰਕਾਰ ਦੀ ਇੱਕ ਵੱਡੀ ਯੋਜਨਾ ਹੈ। ਇਸ ਤਹਿਤ ਅਗਲੇ ਪੰਜ ਸਾਲਾਂ ਵਿੱਚ ਰਾਜ ਦੀਆਂ 1 ਕਰੋੜ ਤੋਂ ਵੱਧ ਔਰਤਾਂ ਨੂੰ ਹਰ ਸਾਲ 10,000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਮੋਹਨ ਮਾਝੀ, ਰਾਜਪਾਲ ਰਘੁਬਰ ਦਾਸ, ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਉੜੀਸਾ ਸਰਕਾਰ ਦੇ ਹੋਰ ਮੰਤਰੀਆਂ ਦੀ ਮੌਜੂਦਗੀ ਵਿੱਚ ਭੁਵਨੇਸ਼ਵਰ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਇੱਕ ਬਟਨ ਦਬਾ ਕੇ ਯੋਜਨਾ ਦੀ ਸ਼ੁਰੂਆਤ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ 25 ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ ਸੁਭਦਰਾ ਯੋਜਨਾ ਦੇ ਤਹਿਤ 5000 ਰੁਪਏ ਦੀ ਪਹਿਲੀ ਕਿਸ਼ਤ ਮਿਲੀ ਹੈ। ਸੁਭਦਰਾ ਯੋਜਨਾ ‘ਓਡੀਸ਼ਾ ਲਈ ਮੋਦੀ ਦੀ ਗਾਰੰਟੀ’ ਦੇ ਤਹਿਤ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਇਕ ਮੁੱਖ ਵਾਅਦਾ ਸੀ ਜਿਸ ਦੀ ਮਦਦ ਨਾਲ ਪਾਰਟੀ ਇਸ ਸਾਲ ਜੂਨ ਵਿਚ ਸੂਬੇ ਵਿਚ ਪਹਿਲੀ ਵਾਰ ਆਪਣੇ ਦਮ ‘ਤੇ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ। ਸਰਕਾਰ ਦੇ ਅਨੁਸਾਰ, ਇਸ ਯੋਜਨਾ ਦਾ ਉਦੇਸ਼ 21 ਤੋਂ 60 ਸਾਲ ਦੀ ਉਮਰ ਵਰਗ ਦੀਆਂ ਇੱਕ ਕਰੋੜ ਮਹਿਲਾਵਾਂ ਨੂੰ ਪੰਜ ਸਾਲਾਂ ਵਿੱਚ 50,000 ਰੁਪਏ ਦੀ ਨਕਦ ਸਹਾਇਤਾ ਪ੍ਰਦਾਨ ਕਰਨਾ ਹੈ। ਸੂਬਾ ਸਰਕਾਰ ਇਸ ਯੋਜਨਾ ‘ਤੇ 55000 ਕਰੋੜ ਰੁਪਏ ਖਰਚਣ ਦੀ ਯੋਜਨਾ ਬਣਾ ਰਹੀ ਹੈ।
ਪੀਐਮ ਮੋਦੀ ਨੇ ਰੇਲਵੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਵੀ ਦਿੱਤੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਵਰਚੁਅਲ ਮੋਡ ਰਾਹੀਂ 2,800 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ ਅਤੇ 1,000 ਕਰੋੜ ਰੁਪਏ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਤਹਿਤ 14 ਰਾਜਾਂ ਦੇ ਲਗਭਗ 13 ਲੱਖ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਦੀ ਪਹਿਲੀ ਕਿਸ਼ਤ ਵੀ ਜਾਰੀ ਕੀਤੀ। ਇਸ ਮੌਕੇ ‘ਤੇ 26 ਲੱਖ PMAY (ਪੇਂਡੂ ਅਤੇ ਸ਼ਹਿਰੀ) ਲਾਭਪਾਤਰੀਆਂ ਨੇ ਗ੍ਰਹਿ ਪ੍ਰਵੇਸ਼ ਮਨਾਇਆ। ਪੀਐਮ ਮੋਦੀ ਨੇ ਕੇਂਦਰੀ ਯੋਜਨਾ ਤਹਿਤ ਨਵੇਂ ਮਕਾਨ ਮਾਲਕਾਂ ਨੂੰ ਘਰਾਂ ਦੀਆਂ ਚਾਬੀਆਂ ਵੀ ਸੌਂਪੀਆਂ। ਉਸਨੇ PMAYG ਲਈ ਵਾਧੂ ਪਰਿਵਾਰਾਂ ਦਾ ਸਰਵੇਖਣ ਕਰਨ ਲਈ ਆਵਾਸ+ 2024 ਐਪ ਵੀ ਲਾਂਚ ਕੀਤੀ ਹੈ।