ਬਿਜਲੀ ਚੋਰੀ ਦੇ ਰੁਝਾਨ ਨੂੰ ਨੱਥ ਪਾਉਣ ਲਈ ਓਪਰੇਸ਼ਨ ਵਿੰਗ ਅਤੇ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਂਝੀਆਂ ਚੈਕਿੰਗਾਂ ਅਧੀਨ ਹੁਣ ਤੱਕ ਕੁੱਲ 1,50,874 ਕੁਨੈਕਸ਼ਨਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜਿਸ ਦੌਰਾਨ 8750 ਖਪਤਕਾਰਾਂ ਨੂੰ ਬਿਜਲੀ ਚੋਰੀ/ਵਾਧੂ ਲੋਡ/ਬਿਜਲੀ ਦੀ ਅਣਅਧਿਕਾਰਤ ਵਰਤੋਂ ਕਰਦੇ ਫੜਿਆ ਗਿਆ ਅਤੇ ਇਨ੍ਹਾਂ ਖਪਤਕਾਰਾਂ ਨੂੰ ਲਗਪਗ 28 ਕਰੋੜ ਰੁਪਏ ਦੀ ਰਕਮ ਚਾਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਬਿਜਲੀ ਐਕਟ-2003 ਵਿੱਚ ਕੀਤੇ ਪ੍ਰਾਵਧਾਨ ਅਨੁਸਾਰ ਐੱਫਆਈਆਰ ਵੀ ਦਰਜ ਕਰਵਾਈਆਂ ਜਾ ਰਹੀਆਂ ਹਨ।
ਮੁੱਖ ਇੰਜੀਨੀਅਰ ਇੰਜੀ: ਰਤਨ ਕੁਮਾਰ ਮਿੱਤਲ ਨੇ ਦੱਸਿਆ ਕਿ ਦੱਖਣ ਜ਼ੋਨ ਅਧੀਨ 5 ਨੰਬਰ ਹਲਕਾ ਦਫਤਰ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ ਅਤੇ ਮੋਹਾਲੀ ਆਉਂਦੇ ਹਨ ਜੋ ਕਿ ਤਕਰੀਬਨ 6 ਜਿਲ੍ਹਿਆਂ ਦਾ ਏਰੀਆ ਕਵਰ ਕਰਦੇ ਹਨ। ਅਧਿਕਾਰੀ ਅਨੁਸਾਰ ਹਲਕਾ ਦਫਤਰ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ ਅਤੇ ਮੋਹਾਲੀ ਅਧੀਨ ਬਿਜਲੀ ਚੋਰਾਂ ਉੱਪਰ ਲਗਾਮ ਕੱਸਦੇ ਹੋਏ ਕ੍ਰਮਵਾਰ 43283 ਨੰਬਰ, 33986 ਨੰਬਰ, 15262 ਨੰਬਰ, 46494 ਨੰਬਰ ਅਤੇ 11849 ਨੰਬਰ ਖਾਤਿਆਂ ਦੀ ਚੈਕਿੰਗ ਦੌਰਾਨ ਬਿਜਲੀ ਚੋਰੀ/ਵਾਧੂ ਲੋਡ/ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ ਕ੍ਰਮਵਾਰ 2438 ਨੰਬਰ, 2777 ਨੰਬਰ, 1416 ਨੰਬਰ, 1326 ਨੰਬਰ ਅਤੇ 793 ਨੰਬਰ ਕੇਸ ਫੜ੍ਹੇ ਗਏ ਜਿਨ੍ਹਾਂ ਨੂੰ ਕ੍ਰਮਵਾਰ 645.67 ਲੱਖ ਰੁਪਏ, 614.32 ਲੱਖ ਰੁਪਏ,394.80 ਲੱਖ ਰੁਪਏ,284.91 ਲੱਖ ਰੁਪਏ ਅਤੇ 897.10 ਲੱਖ ਰੁਪਏ ਦੀ ਰਕਮ ਚਾਰਜ ਕੀਤੀ ਗਈ ਹੈ।
ਮੁੱਖ ਇੰਜ:/ਵੰਡ ਦੱਖਣ ਪਟਿਆਲਾ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਜਲੀ ਚੋਰੀ ਨੂੰ ਠੱਲ ਪਾਉਣ ਲਈ ਜੰਗੀ ਪੱਧਰ ’ਤੇ ਚੈਕਿੰਗ ਦੀ ਕਾਰਵਾਈ ਜਾਰੀ ਰੱਖੀ ਜਾਵੇ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਣਦੀ ਰਕਮ ਚਾਰਜ ਕਰਨ ਤੋਂ ਇਲਾਵਾ ਕੇਸ ਵੀ ਦਰਜ ਕੀਤਾ ਜਾਵੇ ਤਾਂ ਜੋ ਵਿਭਾਗ ਦੇ ਮਾਲੀਏ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ।
ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਚਲਾਈ ਗਈ ਮੁਹਿੰਮ ਨੂੰ ਵੱਡੀ ਪੱਧਰ ਸਫਲਤਾ ਪ੍ਰਾਪਤ ਹੋ ਰਹੀ ਹੈ ਅਤੇ ਇਹ ਚੈਕਿੰਗ ਮੁਹਿੰਮ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗੀ। ਇੰਜੀ: ਆਰ.ਕੇ. ਮਿੱਤਲ ਵੱਲੋਂ ਬਿਜਲੀ ਚੋਰੀ ਨੂੰ ਕੰਟਰੋਲ ਕਰਨ ਲਈ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਜਲੀ ਚੋਰੀ ਦੀ ਸੂਚਨਾਂ ਮੋਬਾਇਲ ਨੰ: 96461-75770 ’ਤੇ ਫੋਨ ਕਰਕੇ ਜਾਂ ਵਟਸਐਪ ਰਾਹੀਂ ਵੀ ਦਿੱਤੀ ਜਾ ਸਕਦੀ ਹੈ ਅਤੇ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।