ਆਪਣੀ ਬਣਾਈਆਂ ‘ਰੀਲਾਂ’ ਨਾਲ ਮਸ਼ਹੂਰ ਹੋਈ ਮੁੰਬਈ ਦੀ ਅਨਵੀ ਕਾਮਦਾਰ ਦੀ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ‘ਚ ਵੀਡੀਓ ਬਣਾਉਂਦੇ ਸਮੇਂ ਖਾਈ ‘ਚ ਡਿੱਗ ਕੇ ਮੌਤ ਹੋ ਗਈ। 27 ਸਾਲਾ ਚਾਰਟਰਡ ਅਕਾਊਂਟੈਂਟ ਅਨਵੀ, ਜੋ ਆਪਣੇ ਸੱਤ ਦੋਸਤਾਂ ਨਾਲ ਘੁੰਮਣ ਗਈ ਸੀ, ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਰਾਏਗੜ੍ਹ ਜ਼ਿਲ੍ਹੇ ਦੇ ਮਾਨਗਾਂਵ ਵਿੱਚ ਕੁੰਭੇ ਝਰਨੇ ਦੇ ਨੇੜੇ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਨਗਾਂਵ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਅਨੁਸਾਰ ਮੁੰਬਈ ਦੇ ਮੁਲੁੰਡ ਦੀ ਰਹਿਣ ਵਾਲੀ ਅਨਵੀ ਬਾਰਿਸ਼ ਦੌਰਾਨ ਆਪਣੇ ਦੋਸਤਾਂ ਨਾਲ ਸੈਰ ਕਰਨ ਗਈ ਸੀ। ਪੇਸ਼ੇ ਤੋਂ ਸੀ.ਏ., ਅਨਵੀ ਆਪਣੀਆਂ ਸੋਸ਼ਲ ਮੀਡੀਆ ਰੀਲਾਂ ਲਈ ਮਸ਼ਹੂਰ ਸੀ।

ਅਨਵੀ ਕਾਮਦਾਰ ਨੂੰ ਕਿਥੇ ਪਤਾ ਸੀ ਕਿ ਰੀਲ ਬਣਾਉਣ ਦੀ ਕਲਾ ਜਿਸ ਨਾਲ ਉਸ ਨੇ ਪ੍ਰਸਿੱਧੀ ਹਾਸਲ ਕੀਤੀ ਹੈ, ਉਹ ਉਸਦੀ ਮੌਤ ਦਾ ਕਾਰਨ ਬਣੇਗੀ। ਦਰਅਸਲ, ਅਨਵੀ 16 ਜੁਲਾਈ ਨੂੰ ਆਪਣੇ 7 ਦੋਸਤਾਂ ਨਾਲ ਝਰਨੇ ‘ਤੇ ਘੁੰਮਣ ਗਈ ਸੀ। ਸਵੇਰੇ ਲਗਭਗ 10.30 ਵਜੇ, ਅਨਵੀ ਇੱਕ ਵੀਡੀਓ ਦੀ ਸ਼ੂਟਿੰਗ ਕਰ ਰਹੀ ਸੀ, ਉਹ ਕੁੰਭੇ ਝਰਨੇ ਦੇ ਕੋਲ ਇੱਕ ਛੋਟੀ ਜਿਹੀ ਸਪਾਈਕ ‘ਤੇ ਗਈ ਅਤੇ ਰੀਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਫਿਰ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ 300 ਫੁੱਟ ਡੂੰਘੀ ਖਾਈ ਵਿਚ ਜਾ ਡਿੱਗੀ।
ਘਟਨਾ ਦੀ ਸੂਚਨਾ ਮਿਲਣ ‘ਤੇ ਬਚਾਅ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਕੋਸਟ ਗਾਰਡ ਦੇ ਨਾਲ-ਨਾਲ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਵੀ ਮਦਦ ਕੀਤੀ ਪਰ ਅਨਵੀ ਨੂੰ ਬਚਾਇਆ ਨਹੀਂ ਜਾ ਸਕਿਆ। ਅਨਵੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਪੂਰਾ ਹਾਦਸਾ ਰਾਏਗੜ੍ਹ ਦੇ ਕੋਲ ਕੁੰਭੇ ਝਰਨੇ ਦੇ ਕੋਲ ਵਾਪਰਿਆ।