UGC-NET ਪ੍ਰੀਖਿਆ ਰੱਦ, ਜਾਣੋ ਕਦੋਂ ਆਉਣਗੀਆਂ ਨਵੀਆਂ ਤਰੀਕਾਂ

ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ UGC-NET ਪ੍ਰੀਖਿਆ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਏਜੰਸੀ ਨੂੰ ਪਹਿਲੀ ਨਜ਼ਰੇ ਸੰਕੇਤ ਮਿਲੇ ਹਨ ਕਿ ਪ੍ਰੀਖਿਆ ਦੀ ਇਕਸਾਰਤਾ ਨਾਲ ਸਮਝੌਤਾ ਕੀਤਾ ਗਿਆ ਹੈ। ਸਿੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਪ੍ਰੀਖਿਆ ਪ੍ਰਕਿਰਿਆ ਦੀ ਉੱਚ ਪੱਧਰੀ ਪਾਰਦਰਸ਼ਤਾ ਅਤੇ ਪਵਿੱਤਰਤਾ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ UGC-NET ਜੂਨ 2024 ਦੀ ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।” ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “ਇੱਕ ਨਵੀਂ ਜਾਂਚ ਕਰਵਾਈ ਜਾਵੇਗੀ, ਜਿਸ ਲਈ ਜਾਣਕਾਰੀ ਵੱਖਰੇ ਤੌਰ ‘ਤੇ ਸਾਂਝੀ ਕੀਤੀ ਜਾਵੇਗੀ। ਨਾਲ ਹੀ, ਮਾਮਲੇ ਦੀ ਪੂਰੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪਿਆ ਜਾ ਰਿਹਾ ਹੈ।”

ਸਿੱਖਿਆ ਮੰਤਰਾਲੇ ਨੇ ਕਿਹਾ ਕਿ 19 ਜੂਨ, 2024 ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੂੰ ਗ੍ਰਹਿ ਮੰਤਰਾਲੇ ਦੇ ਅਧੀਨ ਭਾਰਤੀ ਸਾਈਬਰ ਕੋਆਰਡੀਨੇਸ਼ਨ ਸੈਂਟਰ ਤੋਂ ਪ੍ਰੀਖਿਆ ਦੇ ਸਬੰਧ ਵਿੱਚ ਕੁਝ ਜਾਣਕਾਰੀ ਜਾਂ ਇਨਪੁਟਸ ਪ੍ਰਾਪਤ ਹੋਏ ਹਨ। ਇਹ ਇਨਪੁਟਸ ਪਹਿਲੀ ਨਜ਼ਰ ਵਿੱਚ ਇਹ ਦਰਸਾਉਂਦੇ ਹਨ ਕਿ ਪ੍ਰੀਖਿਆ ਵਿੱਚ ਗੜਬੜ ਹੋਣ ਦੇ ਸੰਕੇਤ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਫ-ਸਾਫ ਨਹੀਂ ਕਿਹਾ ਜਾ ਰਿਹਾ ਹੈ ਕਿ ਪੇਪਰ ਲੀਕ ਹੋ ਗਿਆ ਹੈ। ਹਾਲਾਂਕਿ ਨੈੱਟ ਪ੍ਰੀਖਿਆ ਨੂੰ ਲੈ ਕੇ ਕੱਲ੍ਹ ਤੋਂ ਹੀ ਵਿਦਿਆਰਥੀਆਂ ਵੱਲੋਂ ਅਜਿਹੇ ਦੋਸ਼ ਲਾਏ ਜਾ ਰਹੇ ਸਨ। ਇਸ ਲਈ, ਸਿੱਖਿਆ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ UGC-NET ਜੂਨ 2024 ਦੀ ਪ੍ਰੀਖਿਆ ਰੱਦ ਕਰ ਦਿੱਤੀ ਜਾਵੇ। ਹੁਣ ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਈ ਜਾਵੇਗੀ।

Advertisement